ਸਿੱਧਰਮਈਆ ਨੇ ਖੁਲ੍ਹਵਾਇਆ ਵਿਧਾਨ ਸਭਾ ਦਾ ''ਅਸ਼ੁਭ'' ਦੱਖਣੀ ਦਰਵਾਜ਼ਾ, ਸਾਲਾਂ ਤੋਂ ਵਾਸਤੂ ਦੋਸ਼ ਕਾਰਨ ਸੀ ਬੰਦ
Sunday, Jun 25, 2023 - 12:29 PM (IST)
ਨੈਸ਼ਨਲ ਡੈਸਕ- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵਿਧਾਨ ਸੌਧ ਸਥਿਤ ਮੁੱਖ ਮੰਤਰੀ ਦਫਤਰ ਦੇ ਉਸ ਦੱਖਣੀ ਦਰਵਾਜ਼ੇ ਨੂੰ ਸ਼ਨੀਵਾਰ ਨੂੰ ਆਵਾਜਾਈ ਲਈ ਖੁਲ੍ਹਵਾ ਦਿੱਤਾ, ਜਿਸਨੂੰ 'ਅਸ਼ੁਭ' ਮੰਨ ਕੇ ਸਾਲਾਂ ਤੋਂ ਬੰਦ ਰੱਖਿਆ ਗਿਆ ਸੀ। ਅੰਨ ਭਾਗ ਯੋਜਨਾ ਸਕੀਮ ਸੰਬਧੀ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨ ਵਿਧਾਨ ਸਭਾ ਪਹੁੰਚੇ ਮੁੱਖ ਮੰਤਰੀ ਨੇ ਦੇਖਿਆ ਕਿ ਦੱਖਣੀ ਦੁਆਰ ਬੰਦ ਹੈ। ਜਦੋਂ ਸਿੱਧਰਮਈਆ ਨੇ ਅਧਿਕਾਰੀਆਂ ਤੋਂ ਇਸਨੂੰ ਕਦੇ ਨਾ ਖੋਲ੍ਹੇ ਜਾਣ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਦੱਖਣੀ ਦੁਆਰ ਨੂੰ 'ਅਸ਼ੁਭ' ਮੰਨਿਆ ਜਾਂਦਾ ਹੈ, ਇਸ ਲਈ ਇਸਨੂੰ ਕਦੇ ਨਹੀਂ ਖੋਲ੍ਹਿਆ ਗਿਆ।
ਸਿੱਧਰਮਈਆ ਕੁਝ ਦੇਰ ਤਕ ਦਰਵਾਜ਼ੇ ਦੇ ਠੀਕ ਸਾਹਮਣੇ ਖੜ੍ਹੇ ਰਹੇ ਅਤੇ ਫਿਰ ਅਧਿਕਾਰੀਆਂ ਨੂੰ ਦਵਾਜ਼ਾ ਖੋਲ੍ਹਣ ਦਾ ਹੁਕਮ ਦਿੱਤਾ। ਮੁੱਖ ਮੰਤਰੀ ਨੇ ਦਫਤਰ 'ਚ ਐਂਟਰੀ ਕਰਨ ਤੋਂ ਬਾਅਦ ਵਾਸਤੂ ਬਾਰੇ ਆਪਣਾ ਰਾਏ ਰੱਖਦੇ ਹੋਏ ਕਿਹਾ ਕਿ ਇਕ ਚੰਗਾ ਵਾਸਤੂ ਓਹੀ ਹੈ ਜੋ ਤੁਹਾਡੇ ਦਿਲ-ਦਿਮਾਗ ਨੂੰ ਸਿਹਤਮੰਦ ਅਤੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਤੁਹਾਨੂੰ ਸੰਵੇਦਨਸ਼ੀਲ ਬਣਾਏ ਅਤੇ ਇਸ ਲਈ ਜ਼ਰੂਰੀ ਹੈ ਕਿ ਕੁਦਰਤੀ ਰੋਸ਼ਨੀ ਅਤੇ ਤਾਜੀ ਹਵਾ ਆਉਂਦੀ ਰਹਿਣੀ ਚਾਹੀਦੀ ਹੈ। ਇਕ ਅਧਿਕਾਰੀ ਮੁਤਾਬਕ, ਪਹਿਲਾਂ ਕਿਸੇ ਵੀ ਮੁੱਖ ਮੰਤਰੀ ਨੇ ਦੱਖਣੀ ਦਰਵਾਜ਼ਾ ਖੋਲ੍ਹਣ ਦੀ ਹਿੰਮਤ ਨਹੀਂ ਕੀਤੀ ਸੀ।