ਮਥੁਰਾ ’ਚ ‘ਸ਼ਾਹੀ ਈਦਗਾਹ’ ਦੀ ਜਗ੍ਹਾ ‘ਵਿਵਾਦਪੂਰਨ ਢਾਂਚਾ’ ਸ਼ਬਦ ਦੇ ਇਸਤੇਮਾਲ ਦੀ ਮੰਗ ਖਾਰਿਜ
Friday, Jul 04, 2025 - 09:59 PM (IST)

ਪ੍ਰਯਾਗਰਾਜ, (ਭਾਸ਼ਾ)– ਇਲਾਹਾਬਾਦ ਹਾਈ ਕੋਰਟ ਨੇ ਮਥੁਰਾ ਸਥਿਤ ‘ਸ਼ਾਹੀ ਈਦਗਾਹ’ ਮਸਜਿਦ ਨੂੰ ਅਦਾਲਤ ਦੀ ਕਾਰਵਾਈ ਵਿਚ ‘ਵਿਵਾਦਪੂਰਨ ਢਾਂਚਾ’ ਕਹਿਣ ਦੇ ਨਿਰਦੇਸ਼ ਦੇਣ ਦੀ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਿਜ ਕਰ ਦਿੱਤੀ। ਇਹ ਹੁਕਮ ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਸ਼੍ਰੀਕ੍ਰਿਸ਼ਨ ਜਨਮ ਭੂਮੀ ਅਤੇ ਸ਼ਾਹੀ ਈਦਗਾਹ ਵਿਵਾਦ ਨਾਲ ਜੁੜੇ ਮੂਲ ਮੁਕੱਦਮਿਆਂ ਦੀ ਸੁਣਵਾਈ ਦੌਰਾਨ ਦਿੱਤਾ।
ਏ-44 ਨੰਬਰ ਦੀ ਅਰਜ਼ੀ ਵਕੀਲ ਮਹੇਂਦਰ ਪ੍ਰਤਾਪ ਸਿੰਘ ਵਲੋਂ ਦਾਇਰ ਕੀਤੀ ਗਈ ਸੀ, ਜਿਸ ਵਿਚ ਅਦਾਲਤ ਦੇ ਸਟੈਨੋਗ੍ਰਾਫਰ ਨੂੰ ‘ਸ਼ਾਹੀ ਈਦਗਾਹ’ ਦੀ ਜਗ੍ਹਾ ‘ਵਿਵਾਦਪੂਰਨ ਢਾਂਚਾ’ ਸ਼ਬਦ ਇਸਤੇਮਾਲ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਮੁਸਲਿਮ ਧਿਰ ਨੇ ਇਸ ’ਤੇ ਲਿਖਿਤ ਇਤਰਾਜ਼ ਦਾਖਲ ਕੀਤਾ ਸੀ।
ਜ਼ਿਕਰਯੋਗ ਹੈ ਕਿ ਹਿੰਦੂ ਧਿਰ ਨੇ ਸ਼ਾਹੀ ਈਦਗਾਹ ਨੂੰ ਹਟਾਉਣ ਅਤੇ ਉਥੇ ਮੰਦਰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਹੁਣ ਤੱਕ 18 ਮੁਕੱਦਮੇ ਦਾਖਲ ਕੀਤੇ ਹਨ। ਇਸ ਤੋਂ ਪਹਿਲਾਂ 1 ਅਗਸਤ, 2024 ਨੂੰ ਹਾਈ ਕੋਰਟ ਨੇ ਇਨ੍ਹਾਂ ਮੁਕੱਦਮਿਆਂ ਦੇ ਸੁਣਵਾਈ ਯੋਗ ਹੋਣ ’ਤੇ ਮੁਸਲਿਮ ਧਿਰ ਦੇ ਇਤਰਾਜ਼ ਖਾਰਿਜ ਕਰ ਦਿੱਤੇ ਸਨ।
ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਇਹ ਮਾਮਲਾ ਵਕਫ ਐਕਟ, ਪੂਜਾ ਸਥਾਨ ਐਕਟ 1991 ਜਾਂ ਸਮਾਂ ਹੱਦ ਤੋਂ ਪ੍ਰਭਾਵਿਤ ਨਹੀਂ ਹੈ। ਅਦਾਲਤ ਪਹਿਲਾਂ ਹੀ 11 ਜਨਵਰੀ, 2024 ਨੂੰ ਹਿੰਦੂ ਧਿਰ ਦੇ ਮੁਕੱਦਮਿਆਂ ਨੂੰ ਇਕੱਠੇ ਜੋੜਨ ਦਾ ਹੁਕਮ ਦੇ ਚੁੱਕੀ ਹੈ।
ਸ਼ਾਹੀ ਈਦਗਾਹ ਮਸਜਿਦ ਹੈ ਇਤਿਹਾਸਕ ਵਿਵਾਦ
ਸ਼ਾਹੀ ਈਦਗਾਹ ਮਸਜਿਦ ਨੂੰ ਲੈ ਕੇ ਇਹ ਵਿਵਾਦ ਇਤਿਹਾਸਕ ਹੈ, ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਮਸਜਿਦ ਮੁਗਲ ਸ਼ਾਸਕ ਔਰੰਗਜ਼ੇਬ ਵਲੋਂ ਸ਼੍ਰੀਕ੍ਰਿਸ਼ਨ ਜਨਮ ਸਥਾਨ ’ਤੇ ਬਣੇ ਮੰਦਰ ਨੂੰ ਡੇਗ ਕੇ ਬਣਾਈ ਗਈ ਸੀ।