ਬੀਰਭੂਮ ਮਾਮਲੇ ’ਚ ਮਮਤਾ ਨੂੰ ਝਟਕਾ, ਹਾਈ ਕੋਰਟ ਨੇ CBI ਨੂੰ ਸੌਂਪੀ ਜਾਂਚ

03/26/2022 11:46:44 AM

ਕੋਲਕਾਤਾ/ਨਵੀਂ ਦਿੱਲੀ– ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਬੋਗਤੁਈ ਪਿੰਡ ਵਿਚ ਹੋਏ ਬੀਰਭੂਮ ਕਤਲੇਆਮ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੇ ਨਿਰਦੇਸ਼ ਸ਼ੁੱਕਰਵਾਰ ਨੂੰ ਦਿੱਤੇ। ਇਸੇ ਹਫਤੇ ਹੋਏ ਕਤਲੇਆਮ ਵਿਚ 8 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।

ਡਵੀਜ਼ਨ ਬੈਂਚ ਨੇ ਕਿਹਾ ਕਿ ਮਾਮਲੇ ਦੇ ਤੱਥਾਂ ਅਤੇ ਹਾਲਾਤ ਦੀ ਮੰਗ ਹੈ ਕਿ ਨਿਆ ਦੇ ਹਿੱਤ ਵਿਚ ਅਤੇ ਸਮਾਜ ਵਿਚ ਵਿਸ਼ਵਾਸ ਪੈਦਾ ਕਰਨ ਅਤੇ ਸੱਚਾਈ ਦਾ ਪਤਾ ਲਗਾਉਣ ਲਈ ਨਿਰਪੱਖ ਜਾਂਚ ਕਰਨ ਲਈ ਜ਼ਰੂਰੀ ਹੈ ਕਿ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਜਾਵੇ। ਜੱਜਾਂ ਨੇ ਕਿਹਾ ਕਿ ਅਸੀਂ ਸੂਬਾ ਸਰਕਾਰ ਨੂੰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦਾ ਹੁਕਮ ਦਿੰਦੇ ਹਾਂ। ਅਦਾਲਤ ਨੇ ਸੂਬੇ ਦੇ ਪੁਲਸ ਅਧਿਕਾਰੀਆਂ ਅਤੇ ਐੱਸ. ਆਈ. ਟੀ. ਨੂੰ ਵੀ ਇਸ ਮਾਮਲੇ ਵਿਚ ਅੱਗੇ ਕੋਈ ਜਾਂਚ ਨਾ ਕਰਨ ਲਈ ਕਿਹਾ ਹੈ।

ਅਦਾਲਤ ਨੇ ਸੂਬੇ ਦੇ ਅਧਿਕਾਰੀਆਂ ਨੂੰ ਮਾਮਲੇ ਦੇ ਕਾਗਜ਼, ਨਾਲ ਹੀ ਮਾਮਲੇ ਵਿਚ ਗ੍ਰਿਫਤਾਰ ਅਤੇ ਹਿਰਾਸਤ ਵਿਚ ਲਏ ਗਏ ਦੋਸ਼ੀਆਂ ਤੇ ਸ਼ੱਕੀਆਂ ਨੂੰ ਸੌਂਪਣ ਲਈ ਕਿਹਾ। ਐੱਸ. ਆਈ. ਟੀ. ਦੀ ਤਿੱਖੀ ਆਲੋਚਨਾ ਕਰਦੇ ਹੋਏ ਬੈਂਚ ਨੇ ਕਿਹਾ ਕਿ ਉਸ ਨੇ ਆਪਣੇ ਸਾਹਮਣੇ ਪੇਸ਼ ਕੀਤੀ ਗਈ ਘਟਨਾ ਦੀ ਕੇਸ ਡਾਇਰੀ ਦੀ ਸੂਖਮਤਾ ਨਾਲ ਜਾਂਚ ਕੀਤੀ ਹੈ ਅਤੇ ਪਾਇਆ ਕਿ ਐੱਸ. ਆਈ. ਟੀ. ਦਾ ਗਠਨ 22 ਮਾਰਚ ਨੂੰ ਕੀਤਾ ਸੀ ਪਰ ਉਸ ਨੇ ਅੱਜ ਤੱਕ ਕੋਈ ਪ੍ਰਭਾਵਸ਼ਾਲੀ ਯੋਗਦਾਨ ਨਹੀਂ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪੁਲਸ ਥਾਣਾ ਘਟਨਾ ਸਥਾਨ ਦੇ ਬਹੁਤ ਨੇੜੇ ਹੈ ਫਿਰ ਵੀ ਪੁਲਸ ਸਮੇਂ ’ਤੇ ਨਹੀਂ ਪੁੱਜੀ ਅਤੇ ਘਰਾਂ ਦੇ ਅੰਦਰ ਫਸੇ ਲੋਕ ਸੜਦੇ ਰਹੇ।

ਰਾਜ ਸਭਾ ’ਚ ਭਾਰੀ ਹੰਗਾਮਾ, ਭਾਵੁਕ ਹੋ ਕੇ ਰੋਣ ਲੱਗੀ ਭਾਜਪਾ ਸੰਸਦ ਮੈਂਬਰ
ਭਾਜਪਾ ਸੰਸਦ ਮੈਂਬਰ ਰੂਪਾ ਗਾਂਗੁਲੀ ਨੇ ਰਾਜ ਸਭਾ ’ਚ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਵਿਚ 8 ਲੋਕਾਂ ਨੂੰ ਸਾੜ ਕੇ ਮਾਰਨ ਦੀ ਘਟਨਾ ਦਾ ਜ਼ਿਕਰ ਕੀਤਾ, ਜਿਸ ਦਾ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਸਖਤ ਵਿਰੋਧ ਕਰਦੇ ਹੋਏ ਭਾਰੀ ਰੌਲਾ ਅਤੇ ਹੰਗਾਮਾ ਕੀਤਾ। ਦੋਵਾਂ ਪੱਖਾਂ ਵਲੋਂ ਇਕ-ਦੂਜੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ, ਜਿਸ ਕਾਰਨ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਗਾਂਗੁਲੀ ਭਾਵੁਕ ਹੋ ਗਈ ਅਤੇ ਰੋਣ ਲੱਗੀ। ਇਸ ਦੌਰਾਨ ਗਾਂਗੁਲੀ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਮਾਰਿਆ-ਕੁੱਟਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਬੰਨ੍ਹ ਕੇ ਸਾੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੰਗਾਲ ਦਕਸ਼ਿਣੇਸ਼ਵਰ ਮਹਾਕਾਲੀ ਦੀ ਭੂਮੀ ਹੈ ਅਤੇ ਉਥੇ ਵੀ ਲੋਕਾਂ ਨੂੰ ਜਿਊਣ ਦਾ ਹੱਕ ਹੈ।


Rakesh

Content Editor

Related News