ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀਂ ਤੀਰਥ ਯਾਤਰਾ ਕਰਵਾਏਗੀ ਇਸ ਸੂਬੇ ਦੀ ਸਰਕਾਰ
Saturday, Apr 15, 2023 - 12:31 PM (IST)
ਭੋਪਾਲ, (ਭਾਸ਼ਾ)- ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੀ ਸਰਕਾਰ ਆਪਣੀ ਮੌਜੂਦਾ ‘ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ’ ਦੇ ਤਹਿਤ ਸੂਬੇ ਦੇ ਕੁਝ ਸੀਨੀਅਰ ਨਾਗਰਿਕਾਂ ਨੂੰ ਹਵਾਈ ਜਹਾਜ਼ ਰਾਹੀਂ ਮੁਫਤ ਤੀਰਥ ਯਾਤਰਾ ’ਤੇ ਲੈ ਕੇ ਜਾਵੇਗੀ। ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ’ਚ ਇਹ ਕਵਾਇਦ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ 21 ਮਈ ਨੂੰ ਸ਼ੁਰੂ ਹੋਵੇਗੀ। ਹੁਣ ਤੱਕ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਟ੍ਰੇਨਾਂ ਰਾਹੀਂ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਲਿਜਾਇਆ ਜਾਂਦਾ ਸੀ ਪਰ ਹੁਣ ਇਸ ’ਚ ਹਵਾਈ ਯਾਤਰਾ ਨੂੰ ਵੀ ਜੋੜਿਆ ਜਾਵੇਗਾ। ਹਾਲਾਂਕਿ ਵਿਰੋਧੀ ਧਿਰ ਕਾਂਗਰਸ ਨੇ ਇਸ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਇਸ ’ਚ ਕੁਝ ਵੀ ਨਵਾਂ ਨਹੀਂ ਹੈ, ਸਗੋਂ ਇਹ ਚੋਣਾਂ ਤੋਂ ਪਹਿਲਾਂ ਭਾਜਪਾ ਸਰਕਾਰ ਦੀ ਸਿਆਸੀ ਡਰਾਮੇਬਾਜ਼ੀ ਹੈ।
ਵਧੀਕ ਮੁੱਖ ਸਕੱਤਰ (ਏ. ਸੀ. ਐੱਸ.), ਗ੍ਰਹਿ, ਡਾ. ਰਾਜੇਸ਼ ਰਾਜੋਰਾ ਨੇ ਸ਼ੁੱਕਰਵਾਰ ਨੂੰ ਕਿਹਾ, ਹਵਾਈ ਮਾਰਗ ਰਾਹੀਂ ਤੀਰਥ ਯਾਤਰਾ ਵੀ ਹੁਣ ਜੂਨ, 2012 ’ਚ ਸ਼ੁਰੂ ਹੋਈ ‘ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ’ ਦਾ ਹੀ ਹਿੱਸਾ ਹੋਵੇਗੀ। ਇਸ ਯੋਜਨਾ ਤਹਿਤ ਨਵੇਂ ਪ੍ਰੋਗਰਾਮ ਅਨੁਸਾਰ, 25 ਜ਼ਿਲਿਆਂ (ਸੂਬੇ ਦੇ ਕੁੱਲ 52 ’ਚੋਂ) ਦੇ ਯੋਗ ਲਾਭਪਾਤਰੀਆਂ ਨੂੰ 21 ਮਈ ਤੋਂ 19 ਜੁਲਾਈ ਤੱਕ ਹਵਾਈ ਜਹਾਜ਼ ਰਾਹੀਂ ਵੱਖ-ਵੱਖ ਥਾਵਾਂ ਦੀ ਯਾਤਰਾ ’ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲਾਭਪਾਤਰੀ ਉਨ੍ਹਾਂ ਨੂੰ ਅਲਾਟ ਕੀਤੀਆਂ ਵੱਖ-ਵੱਖ ਮੰਜ਼ਿਲਾਂ ਲਈ ਪ੍ਰਯਾਗਰਾਜ, ਸ਼ਿਰਡੀ, ਮਥੁਰਾ-ਵ੍ਰਿੰਦਾਵਨ ਅਤੇ ਗੰਗਾਸਾਗਰ ਦੀਆਂ ਤੀਰਥ ਯਾਤਰਾ ਕਰਨ ’ਚ ਸਮਰੱਥ ਹੋਣਗੇ। ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਮੀਡੀਆ ਸੈੱਲ ਦੇ ਮੁਖੀ ਕੇ. ਕੇ. ਮਿਸ਼ਰਾ ਨੇ ਇਸ ਕਦਮ ਨੂੰ ਲੈ ਕੇ ਚੌਹਾਨ ਸਰਕਾਰ ’ਤੇ ਨਿਸ਼ਾਨਾ ਸਾਧਿਆ। ਮਿਸ਼ਰਾ ਨੇ ਕਿਹਾ, ਇਹ ਇਕ ਸਿਆਸੀ ਸਟੰਟ ਤੋਂ ਇਲਾਵਾ ਕੁਝ ਨਹੀਂ ਹੈ। ਭਾਜਪਾ ਸਰਕਾਰ ਚੋਣ ਸਾਲ ’ਚ ਵੋਟਰਾਂ ਨੂੰ ਲੁਭਾਉਣ ਲਈ ਲਾਲੀਪਾਪ ਦੀ ਪੇਸ਼ਕਸ਼ ਕਰ ਰਹੀ ਹੈ।