ਲੱਦਾਖ ਝੜਪ : ਸ਼ਿਵ ਸੈਨਾ ਨੇ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਕੀਤੀ ਮੰਗ
Wednesday, Jun 17, 2020 - 01:30 PM (IST)
ਮੁੰਬਈ- ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਊਤ ਨੇ ਚੀਨ ਦੇ ਹਮਲੇ ਦਾ ਮੂੰਹ ਤੋੜ ਜਵਾਬ ਦਿੱਤੇ ਜਾਣ ਦੀ ਬੁੱਧਵਾਰ ਨੂੰ ਮੰਗ ਕੀਤੀ ਅਤੇ ਕਿਹਾ ਕਿ ਭਾਰਤ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖੜ੍ਹੇ ਹਨ। ਰਾਜ ਸਭਾ ਦੇ ਮੈਂਬਰ ਅਤੇ ਸ਼ਿਵ ਸੈਨਾ ਦੇ ਅਖਬਾਰ 'ਸਾਮਨਾ' ਦੇ ਸੰਪਾਦਕ ਰਾਊਤ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ, ਤੁਸੀਂ ਬਹਾਦਰ ਅਤੇ ਯੋਧਾ ਹੋ, ਤੁਹਾਡੀ ਅਗਵਾਈ 'ਚ ਦੇਸ਼ ਚੀਨ ਤੋਂ ਬਦਲਾ ਲਵੇਗਾ।'' ਉਨ੍ਹਾਂ ਕਿਹਾ,''ਚੀਨ ਦੇ ਹਮਲੇ ਨੂੰ ਮੂੰਹ ਤੋੜ ਜਵਾਬ ਕਦੋਂ ਦਿੱਤਾ ਜਾਵੇਗਾ?'' ਰਾਊਤ ਨੇ ਟਵੀਟ ਕੀਤਾ,''ਇਕ ਵੀ ਗੋਲੀ ਚੱਲੇ ਬਿਨਾਂ ਸਾਡੇ 20 ਜਵਾਨ ਸ਼ਹੀਦ ਹੋ ਗਏ। ਅਸੀਂ ਕੀ ਕਰਾਂਗੇ? ਕਿੰਨੇ ਚੀਨੀ ਜਵਾਬ ਮਾਰੇ ਗਏ?
ਉਨ੍ਹਾਂ ਨੇ ਕਿਹਾ,''ਮੌਜੂਦਾ ਹਾਲਾਤ 'ਚ ਦੇਸ਼ ਪ੍ਰਧਾਨ ਮੰਤਰੀ ਨਾਲ ਹੈ ਪਰ ਸੱਚਾਈ ਕੀ ਹੈ? ਕੁਝ ਬੋਲੋ। ਦੇਸ਼ ਸੱਚ ਜਾਣਨਾ ਚਾਹੁੰਦਾ ਹੈ। ਜੈ ਹਿੰਦ।'' ਇਸ ਵਿਚ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਗਲਵਾਨ ਘਾਟੀ 'ਚ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਪਵਾਰ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਸਾਰੇ ਭਾਰਤੀ ਇਕਜੁਟ ਹਨ। ਦੱਸਣਯੋਗ ਹੈ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਰਾਤ ਚੀਨੀ ਫੌਜੀਆਂ ਨਾਲ ਹਿੰਸਕ ਝੜਪ 'ਚ ਭਾਰਤੀ ਫੌਜ ਦੇ ਇਕ ਕਰਨਲ ਸਮੇਤ 20 ਫੌਜੀ ਸ਼ਹੀਦ ਹੋ ਗਏ। ਇਹ ਪਿਛਲੇ ਕਰੀਬ 5 ਦਹਾਕੇ 'ਚ ਸਭ ਤੋਂ ਵੱਡਾ ਫੌਜ ਟਕਰਾਅ ਹੈ, ਜਿਸ ਕਾਰਨ ਦੋਹਾਂ ਦੇਸ਼ਾਂ ਦਰਮਿਆਨ ਸਰਹੱਦ 'ਤੇ ਪਹਿਲਾਂ ਤੋਂ ਜਾਰੀ ਗਤੀਰੋਧ ਦੀ ਸਥਿਤੀ ਹੋਰ ਗੰਭੀਰ ਹੋ ਗਈ ਹੈ।