3 ਵਾਰ ਵਿਧਾਇਕ ਰਹਿ ਚੁਕੇ ਸ਼ਿਵ ਸੰਗ੍ਰਾਮ ਮੁਖੀ ਵਿਨਾਇਕ ਮੇਟੇ ਦੀ ਸੜਕ ਹਾਦਸੇ ''ਚ ਮੌਤ
Sunday, Aug 14, 2022 - 02:02 PM (IST)
ਮੁੰਬਈ (ਵਾਰਤਾ)- ਸ਼ਿਵ ਸੰਗ੍ਰਾਮ ਦੇ ਮੁਖੀ ਵਿਨਾਇਕ ਮੇਟੇ ਦਾ ਐਤਵਾਰ ਨੂੰ ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਮਹਾਰਾਸ਼ਟਰ 'ਚ ਖੋਪੋਲੀ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਸ਼੍ਰੀ ਮੇਟੇ ਹਾਦਸੇ ਦੇ ਸਮੇਂ ਇਕ ਐੱਸ.ਯੂ.ਵੀ. ਕਾਰ 'ਤੇ ਜਾ ਰਹੇ ਸਨ। ਇਹ ਹਾਦਸਾ ਪੁਣੇ ਤੋਂ ਪਰਤਦੇ ਸਮੇਂ ਵਾਪਰਿਆ। ਜ਼ਖ਼ਮੀ ਹਾਲਤ 'ਚ ਉਨ੍ਹਾਂ ਨੂੰ ਕਾਮੋਠੇ ਦੇ ਐੱਮ.ਜੀ.ਐੱਮ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਉਹ ਇਕ ਬੈਠਕ ਵਿਚ ਹਿੱਸਾ ਲੈਣ ਲਈ ਮੁੰਬਈ ਜਾ ਰਹੇ ਸਨ ਅਤੇ ਬਾਅਦ ਵਿਚ ਸੁਤੰਤਰਤਾ ਦਿਹਾੜੇ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਆਪਣੇ ਗ੍ਰਹਿ ਨਗਰ ਬੀਡ ਪਰਤਣੇ ਵਾਲੇ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਐਤਵਾਰ ਸਵੇਰੇ ਹਸਪਤਾਲ ਪਹੁੰਚੇ।
ਸ਼੍ਰੀ ਸ਼ਿੰਦੇ ਨੇ ਸ਼੍ਰੀ ਮੇਟੇ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ,"ਸ਼੍ਰੀ ਵਿਨਾਇਕ ਮੇਟੇ ਦੀ ਮੌਤ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਹੈ। ਅਸੀਂ ਇਕ ਈਮਾਨਦਾਰ ਯੋਧੇ ਨੂੰ ਗੁਆ ਦਿੱਤਾ ਹੈ, ਜੋ ਮਰਾਠਾ ਭਾਈਚਾਰੇ ਲਈ ਲੜਿਆ। ਉਹ ਮੇਰੇ ਵੱਲੋਂ ਬੁਲਾਈ ਗਈ ਮਰਾਠਾ ਭਾਈਚਾਰੇ ਨਾਲ ਸਬੰਧਤ ਮੁੱਦਿਆਂ ‘ਤੇ ਬੈਠਕ 'ਚ ਸ਼ਾਮਲ ਹੋਣ ਲਈ ਮੁੰਬਈ ਆ ਰਹੇ ਸਨ। ਉਹ ਆਪਣੇ ਆਖ਼ਰੀ ਸਾਹ ਤੱਕ ਰਾਜ ਵਿਚ ਸਮਾਜਿਕ ਅੰਦੋਲਨਾਂ ਲਈ ਵਚਨਬੱਧ ਰਹੇ।'' ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਟਵੀਟ ਕੀਤਾ,''ਸ਼ਿਵ ਸੰਗ੍ਰਾਮ ਸੰਗਠਨ ਦੇ ਪ੍ਰਧਾਨ ਵਿਨਾਇਕ ਮੇਟੇ ਦੀ ਮੌਤ ਦੀ ਖ਼ਬਰ ਬੇਹੱਦ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਦਾ ਸਮਾਜਿਕ ਕੰਮ ਅਤੇ ਸਮਾਜ ਦੇ ਵਾਂਝੇ ਵਰਗ ਦੇ ਵਿਕਾਸ 'ਚ ਯੋਗਦਾਨ ਮਹਾਨ ਹੈ।'' ਸ਼੍ਰੀ ਮੇਟੇ ਨੇ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਹੱਥ ਮਿਲਾਇਆ ਸੀ। ਇਸ ਤੋਂ ਪਹਿਲਾਂ ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸਮਰਥਕ ਰਹੇ ਸਨ। ਉਨ੍ਹਾਂ ਨੂੰ ਮਰਾਠਾ ਸਮਾਜ ਲਈ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਉਹ ਤਿੰਨ ਵਾਰ ਵਿਧਾਇਕ ਰਹਿ ਚੁਕੇ ਸਨ।