ਸ਼ਿਮਲਾ ''ਚ 37 ਸਾਲ ਬਾਅਦ ਗੂੰਜੇਗੀ ਕ੍ਰਾਈਸਟ ਚਰਚ ''ਚ ਲੱਗੀ ਘੰਟੀ ਦੀ ਆਵਾਜ਼
Tuesday, Dec 24, 2019 - 12:18 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਇਤਿਹਾਸਕ ਰਿੱਜ ਮੈਦਾਨ 'ਤੇ ਸਥਿਤ ਕ੍ਰਾਈਸਟ ਚਰਚ 'ਚ ਲੱਗੀ ਪਵਿੱਤਰ ਘੰਟੀ (ਬੈਲਸ) ਦੀ ਆਵਾਜ਼ ਇਕ ਵਾਰ ਫਿਰ ਗੂੰਜੇਗੀ। ਕਰੀਬ 37 ਸਾਲਾਂ 'ਚ ਪਹਿਲੀ ਵਾਰ ਰਾਜਧਾਨੀ ਦੇ ਲੋਕਾਂ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਇਹ ਆਵਾਜ਼ ਚਰਚ ਤੋਂ ਆਉਂਦੀ ਹੋਈ ਸੁਣਾਈ ਦੇਵੇਗੀ। ਕ੍ਰਿਸਮਸ ਦੇ ਦਿਨ ਇਸ ਬੈਲਸ ਨੂੰ ਚਰਚ 'ਚ ਪ੍ਰਾਰਥਨਾ ਸਭਾ ਦੇ ਅੱਧੇ ਘੰਟੇ ਪਹਿਲਾਂ ਵਜਾਇਆ ਜਾਵੇਗਾ, ਜਿਸ ਦੀ ਆਵਾਜ਼ ਸ਼ਿਮਲਾ 'ਚ ਹਰ ਪਾਸੇ ਸੁਣਾਈ ਦੇਵੇਗੀ।
ਦੱਸਿਆ ਜਾ ਰਿਹਾ ਹੈ ਕਿ ਚਰਚ 'ਚ ਪ੍ਰਾਰਥਨਾ ਤੋਂ ਪਹਿਲਾਂ ਘੰਟੀ ਵੱਜਣ ਦਾ ਵਿਸ਼ੇਸ਼ ਮਹੱਤਵ ਹੈ। ਘੰਟੀ ਵੱਜਣ ਤੋਂ ਪਤਾ ਲੱਗੇਗਾ ਕਿ ਚਰਚ 'ਚ ਪ੍ਰਾਰਥਨਾ ਸ਼ੁਰੂ ਹੋਣ ਵਾਲੀ ਹੈ। ਉਂਝ ਤਾਂ ਚਰਚ ਵਿਚ ਕਈ ਘੰਟੀਆਂ ਹਨ ਪਰ ਇਕ ਵਿਸ਼ੇਸ਼ ਘੰਟੀ ਲੰਬੇ ਅਰਸੇ ਤੋਂ ਨਹੀਂ ਵੱਜੀ ਹੈ। ਸਾਲ 1982 'ਚ ਚਰਚ ਦੀਆਂ ਘੰਟੀਆਂ 'ਚ ਤਕਨੀਕੀ ਖਰਾਬੀ ਆ ਗਈ ਸੀ। ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਸ ਸਾਲ ਕ੍ਰਿਸਮਸ ਦੇ ਮੌਕੇ 'ਤੇ ਘੰਟੀ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਘੰਟੀ ਨੂੰ ਠੀਕ ਕਰਨ ਲਈ ਚੰਡੀਗੜ੍ਹ ਤੋਂ ਕਾਰੀਗਰ ਆਏ ਹਨ। ਸਾਮਾਨ ਵੀ ਚੰਡੀਗੜ੍ਹ ਤੋਂ ਮੰਗਵਾਇਆ ਗਿਆ ਹੈ। ਕ੍ਰਿਸਮਸ ਦੇ ਪਵਿੱਤਰ ਮੌਕੇ ਇਸ ਦੇ ਸ਼ੁਰੂ ਹੋਣ ਨਾਲ ਈਸਾਈ ਭਾਈਚਾਰੇ ਦੇ ਲੋਕਾਂ 'ਚ ਖਾਸਾ ਉਤਸ਼ਾਹ ਹੈ।
150 ਸਾਲ ਪੁਰਾਣੀ ਹੈ ਘੰਟੀ
ਇੱਥੇ ਦੱਸ ਦੇਈਏ ਕਿ ਸ਼ਿਮਲਾ ਦੇ ਇਤਿਹਾਸਕ ਕ੍ਰਾਈਸਟ ਚਰਚ 'ਚ 150 ਸਾਲ ਪੁਰਾਣੀ ਵਾਰਨਿੰਗ ਬੈਲਸ ਲੱਗੀ ਹੈ। ਬ੍ਰਿਟਿਸ਼ ਕਾਲ 'ਚ ਜਦੋਂ ਇਸ ਚਰਚ ਦਾ ਨਿਰਮਾਣ ਹੋਇਆ ਸੀ ਤਾਂ ਉਸ ਸਮੇਂ ਇਸ ਘੰਟੀ ਨੂੰ ਇੰਗਲੈਂਡ ਤੋਂ ਇੱਥੇ ਲਿਆਂਦਾ ਗਿਆ ਸੀ। ਜਦੋਂ ਇਹ ਘੰਟੀ ਸ਼ਿਮਲਾ ਲਿਆਂਦੀ ਗਈ ਤਾਂ ਉਸ ਤੋਂ ਬਾਅਦ 1982 ਤਕ ਲਗਾਤਾਰ ਇਸ ਦੀ ਆਵਾਜ਼ ਇਤਿਹਾਸਕ ਚਰਚ ਅਤੇ ਰਾਜਧਾਨੀ ਸ਼ਿਮਲਾ 'ਚ ਗੂੰਜਦੀ ਸੀ।