ਬਰਫ਼ਬਾਰੀ ਅਤੇ ਠੰਡ ਕਾਰਨ ਸ਼ੇਸ਼ਨਾਗ ਝੀਲ ਜੰਮੀ, ਖ਼ੁਦ ''ਸ਼ੇਸ਼ਨਾਗ'' ਦਿੰਦੇ ਹਨ ਦਰਸ਼ਨ
Sunday, Feb 11, 2024 - 05:30 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਅਤੇ ਹਿਮਾਚਲ ਵਿਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਕਸ਼ਮੀਰ ਦੀਆਂ ਵਾਦੀਆਂ ਬਰਫ਼ ਨਾਲ ਢਕੀਆਂ ਹੋਈਆਂ ਹਨ। ਇਨ੍ਹਾਂ ਹੀ ਨਹੀਂ ਬਰਫ਼ਬਾਰੀ ਕਾਰਨ ਪ੍ਰਾਚੀਨ ਸ਼ੇਸ਼ਨਾਗ ਝੀਲ ਵੀ ਜੰਮ ਗਈ ਹੈ। ਇੱਥੋਂ ਦਾ ਤਾਪਮਾਨ ਇਨ੍ਹੀਂ ਦਿਨੀਂ -18 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਝੀਲ ਨੂੰ ਚਾਰੋਂ ਪਾਸਿਓਂ ਗਲੇਸ਼ੀਅਰ ਨੇ ਘੇਰਿਆ ਹੋਇਆ ਹੈ। ਇਹ ਸਮੁੰਦਰ ਤਲ ਤੋਂ 11,870 ਫੁੱਟ ਦੀ ਉੱਚਾਈ 'ਤੇ ਸਥਿਤ ਬੇਹੱਦ ਪਵਿੱਤਰ ਅਤੇ ਪ੍ਰਾਚੀਨ ਝੀਲ ਹੈ। ਇਹ ਝੀਲ ਪਹਿਲਗਾਮ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਅਮਰਨਾਥ ਗੁਫਾ ਜਾਣ ਦੇ ਰਸਤੇ ਵਿਚ ਪੈਂਦੀ ਹੈ।
ਇਹ ਪ੍ਰਾਚੀਨ ਸ਼ੇਸ਼ਨਾਗ ਝੀਲ 250 ਫੁੱਟ ਡੂੰਘੀ ਹੈ। ਇੱਥੋਂ ਦੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸ਼ੇਸ਼ਨਾਗ ਅੱਜ ਵੀ ਇੱਥੇ ਰਹਿੰਦੇ ਹਨ। ਪਹਾੜੀਆਂ ਵਿਚਕਾਰ ਕਰੀਬ ਡੇਢ ਕਿਲੋਮੀਟਰ ਦੀ ਲੰਬਾਈ ਵਿਚ ਫੈਲੀ ਇਹ ਨੀਲੇ ਪਾਣੀ ਦੀ ਝੀਲ ਬਹੁਤ ਹੀ ਖੂਬਸੂਰਤ ਲੱਗਦੀ ਹੈ। ਸਰਦੀਆਂ ਦੇ ਮੌਸਮ ਵਿਚ ਇਹ ਝੀਲ ਜੰਮ ਜਾਂਦੀ ਹੈ।
ਪੌਰਾਣਿਕ ਕਥਾਵਾਂ ਮੁਤਾਬਕ ਜਦੋਂ ਭਗਵਾਨ ਸ਼ਿਵ, ਮਾਤਾ ਪਾਰਵਤੀ ਨੂੰ ਅਮਰ ਕਹਾਣੀ ਸੁਣਾਉਣ ਲਈ ਅਮਰਨਾਥ ਲੈ ਜਾ ਰਹੇ ਸਨ, ਤਾਂ ਭਗਵਾਨ ਸ਼ਿਵ ਚਾਹੁੰਦੇ ਸਨ ਕਿ ਉਨ੍ਹਾਂ ਦੀ ਅਮਰ ਕਹਾਣੀ ਕਿਸੇ ਨੂੰ ਨਾ ਸੁਣੇ। ਕਿਉਂਕਿ ਜੋ ਵੀ ਇਹ ਕਹਾਣੀ ਸੁਣਦਾ, ਉਹ ਅਮਰ ਹੋ ਜਾਂਦਾ। ਇਸੇ ਕਾਰਨ ਅਮਰਨਾਥ ਜਾਂਦੇ ਸਮੇਂ ਭਗਵਾਨ ਸ਼ਿਵ ਨੇ ਬੇਅੰਤ ਨਾਗਾਂ ਨੂੰ ਅਨੰਤਨਾਗ ਵਿਚ, ਬੈਲ ਨੰਦੀ ਨੂੰ ਪਹਿਲਗਾਮ ਵਿਚ ਅਤੇ ਚੰਦਨਵਾੜੀ ਵਿਚ ਚੰਦਰਮਾ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨਾਲ ਸਿਰਫ ਸ਼ੇਸ਼ਨਾਗ ਹੀ ਰਹਿ ਗਏ, ਜੋ ਕਾਫੀ ਦੂਰ ਤੱਕ ਉਨ੍ਹਾਂ ਨਾਲ ਗਏ। ਭਗਵਾਨ ਸ਼ਿਵ ਨੇ ਸ਼ੇਸ਼ਨਾਗ ਨੂੰ ਹੁਕਮ ਦਿੱਤਾ ਕਿ ਕੋਈ ਵੀ ਇਸ ਸਥਾਨ ਦੇ ਨੇੜੇ ਨਾ ਆਵੇ।
ਫਿਰ ਸ਼ੇਸ਼ਨਾਗ ਨੇ ਖੁਦ ਝੀਲ ਪੁੱਟੀ ਅਤੇ ਇੱਥੇ ਵਾਸ ਕਰਨ ਲੱਗੇ। ਅਜਿਹਾ ਮੰਨਿਆ ਜਾਂਦਾ ਹੈ ਕਿ ਅੱਜ ਵੀ ਸ਼ੇਸ਼ਨਾਗ ਇੱਥੇ ਰਹਿੰਦੇ ਹਨ ਅਤੇ ਦਰਸ਼ਨ ਵੀ ਦਿੰਦੇ ਹਨ। ਇਹ ਇਕ ਚਮਤਕਾਰ ਹੈ ਕਿ ਇੱਥੇ ਝੀਲ ਵਿਚ ਸ਼ੇਸ਼ਨਾਗ ਦੀ ਸ਼ਕਲ ਅਕਸਰ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਕਈ ਵਾਰ ਸ਼ੇਸ਼ਨਾਗ ਵੀ ਨਜ਼ਰ ਆਉਂਦੇ ਹਨ।