ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਹੱਡ ਚੀਰਵੀਂ ਠੰਡ ਨੇ ਜਨਜੀਵਨ ਕੀਤਾ ਪ੍ਰਭਾਵਿਤ
Sunday, Jan 05, 2025 - 05:16 PM (IST)
ਅੰਮ੍ਰਿਤਸਰ (ਜਸ਼ਨ)-ਗੁਰੂ ਨਗਰੀ ’ਚ ਪਿਛਲੇ ਤਿੰਨ ਦਿਨਾਂ ਤੋਂ ਠੰਡ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਪੈ ਰਹੀ ਧੁੰਦ ਕਾਰਨ ਤੜਕੇ ਸਵੇਰੇ ਜ਼ੀਰੋ ਵਿਜ਼ੀਬਿਲਟੀ ਕਾਰਨ ਵਾਹਨਾਂ ਦੇ ਟਕਰਾਉਣ ਸਮੇਤ ਕਈ ਹਾਦਸੇ ਵਾਪਰ ਰਹੇ ਹਨ। ਸਵੇਰੇ ਤੜਕੇ ਅਤੇ ਦੇਰ ਰਾਤ ਹਾਈਵੇ ’ਤੇ ਇਕ ਮੀਟਰ ਤੱਕ ਅੱਗੇ ਕੋਈ ਹੋਰ ਵਾਹਨ ਨਹੀਂ ਦਿਸਦਾ, ਜਿਸ ਕਾਰਨ ਹਾਈਵੇ ’ਤੇ ਕਈ ਵਾਹਨ ਆਪਸ ਵਿਚ ਟਕਰਾਅ ਰਹੇ ਹਨ। ਇਸ ਸਬੰਧੀ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਉਥੇ ਹੀ ਧੁੰਦ ਅਤੇ ਹੱਡ ਚੀਰਵੀਂ ਠੰਡ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਰਿਹਾ। ਹਵਾ ਵਿਚ ਭਾਰੀ ਨਮੀ ਹੋਣ ਕਾਰਨ ਠੰਡ ਕਾਫੀ ਵਧ ਗਈ ਹੈ, ਜਿਸ ਕਾਰਨ ਗਰੀਬ ਵਰਗ ਦਾ ਬੁਰਾ ਹਾਲ ਹੋ ਰਿਹਾ ਹੈ। ਇਹ ਹੱਡ ਚੀਰਵੀਂ ਠੰਡ ਦਿਲ ਅਤੇ ਸਾਹ ਦੇ ਰੋਗੀਆਂ ਲਈ ਵੀ ਬਹੁਤ ਹਾਨੀਕਾਰਕ ਹੈ।
ਠੰਡ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਹੋਇਆ ਮੱਠਾ
ਪਿੰਡਾਂ ’ਚ ਜਿੱਥੇ ਧੁੰਦ ਨੇ ਆਪਣਾ ਕਹਿਰ ਵਰ੍ਹਾਇਆ ਹੋਇਆ ਹੈ, ਉਥੇ ਹੀ ਸ਼ਹਿਰ ਵੀ ਇਸ ਤੋਂ ਅਛੂਤਾ ਨਹੀਂ ਹੈ। ਬੀਤੇ ਕਈ ਦਿਨਾਂ ਤੋਂ ਪਿੰਡਾਂ ’ਚ ਲੱਗਭਗ ਪੂਰਾ ਦਿਨ ਧੁੰਦ ਛਾਈ ਰਹਿੰਦੀ ਹੈ, ਜਿਸ ਕਾਰਨ ਪਿੰਡਾਂ ’ਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ। ਹੁਣ ਸ਼ਹਿਰਾਂ ਦਾ ਵੀ ਇਹੀ ਹਾਲ ਹੈ। ਸ਼ਹਿਰ ’ਚ ਵੀ ਪਿਛਲੇ ਕੁਝ ਦਿਨਾਂ ਤੋਂ ਧੁੰਦ ਅਤੇ ਹੱਡ ਚੀਰਵੀਂ ਠੰਡ ਆਪਣੇ ਸਿਖਰ ’ਤੇ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਮੱਠਾ ਚੱਲ ਰਿਹਾ ਹੈ। ਕੜਾਕੇ ਦੀ ਠੰਡ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਕਾਰਨ ਸਵੇਰੇ ਡਿਊਟੀ ’ਤੇ ਜਾਣ ਵਾਲੇ ਮੁਲਾਜ਼ਮਾਂ ਤੋਂ ਇਲਾਵਾ 8ਵੀਂ ਜਮਾਤ ਤੋਂ ਉਪਰਲੇ ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟ੍ਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ ਤੇ ਕਈ ਫਲਾਈਟਾਂ ਵੀ ਹੋਈਆਂ ਰੱਦ
ਇਸ ਸਮੇਂ ਅੰਮ੍ਰਿਤਸਰ ਦਾ ਪਹਾੜਾਂ ਵਰਗਾ ਮੌਸਮ ਹੈ, ਜਿਸ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀ ਵੀ ਇਸ ਸਮੇਂ ਮੌਸਮ ਦਾ ਪੂਰਾ ਆਨੰਦ ਮਾਣ ਰਹੇ ਹਨ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਸੜਕਾਂ ’ਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਟ੍ਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ ਅਤੇ ਫਲਾਈਟਾਂ ਵੀ ਧੁੰਦ ਕਾਰਨ ਰੱਦ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਵਾ ’ਚ ਵਧੀ ਰਹੀ ਨਮੀ ਬਣ ਰਹੀ ਬੀਮਾਰੀਆਂ ਦਾ ਕਾਰਨ
ਪਹਾੜਾਂ ਦੇ ਉਪਰਲੇ ਇਲਾਕਿਆਂ ’ਚ ਜਿਸ ਤਰ੍ਹਾਂ ਬਰਫਬਾਰੀ ਹੋਈ ਹੈ, ਉਸੇ ਤਰ੍ਹਾਂ ਨਮੀ ਤੇ ਠੰਡੀ ਹਵਾ ਦਾ ਰੁਖ ਪੰਜਾਬ ਵੱਲ ਹੋਇਆ ਹੈ, ਜਿਸ ਕਾਰਨ ਪੰਜਾਬ ਭਰ ਦੇ ਜ਼ਿਲ੍ਹਿਆਂ ’ਚ ਹਵਾ ’ਚ ਠੰਡ ਤੇ ਨਮੀ ਦੀ ਮਾਤਰਾ ਵੀ ਵਧ ਗਈ ਹੈ। ਇਸ ਨਾਲ ਜਿੱਥੇ ਇਕ ਪਾਸੇ ਸੀਤ ਲਹਿਰ ਦਾ ਕਹਿਰ ਜਾਰੀ ਹੈ, ਉਥੇ ਹੀ ਦੂਜੇ ਪਾਸੇ ਹਵਾ ’ਚ ਨਮੀ ਵਧਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਟ੍ਰੈਫਿਕ ਪੁਲਸ ਨੇ ਧੁੰਦ ਨੂੰ ਲੈ ਕੇ ਜਾਰੀ ਕੀਤੀ ਐਡਵਾਈਜ਼ਰੀ
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਕਾਰਨ ਟ੍ਰੈਫਿਕ ਪੁਲਸ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਪੁਲਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਅੰਮ੍ਰਿਤਸਰ ਟ੍ਰੈਫਿਕ ਵਿੰਗ ਦੇ ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਹਾਈਵੇ ’ਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਵਾਹਨਾਂ ਦੇ ਟਕਰਾਉਣ ਦੇ ਮਾਮਲਿਆਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਗੱਡੀ ਚਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
-ਜ਼ਿਆਦਾ ਜ਼ਰੂਰਤ ਪੈਣ ’ਤੇ ਲੋਕ ਆਪਣੀਆਂ ਕਾਰਾਂ ਜਾਂ ਹੋਰ ਵਾਹਨਾਂ ਨੂੰ ਹਾਈਵੇ ਜਾਂ ਜੀ. ਟੀ. ਰੋਡ ’ਤੇ ਲੈ ਕੇ ਨਿਕਲਣ।
- ਦੋਪਹੀਆ ਅਤੇ ਚਾਰ ਪਹੀਆ ਵਾਹਨ ਚਾਲਕ ਆਪਣੇ ਵਾਹਨ ਚਲਾਉਂਦੇ ਸਮੇਂ ਫੌਗ ਲਾਈਟਾਂ ਅਤੇ ਹੈੱਡਲਾਈਟਾਂ ਨੂੰ ਜਗਾ ਕੇ ਸੜਕਾਂ ’ਤੇ ਆਉਣ।
- ਵਾਹਨ ਦੀ ਸਪੀਡ ਘੱਟ ਰੱਖੋ।
-ਜੇਕਰ ਕਿਸੇ ਵਾਹਨ ਚਾਲਕ ਨੂੰ ਜ਼ੀਰੋ ਵਿਜ਼ੀਬਿਲਟੀ ਦੌਰਾਨ ਵਾਹਨ ਚਲਾਉਣ ’ਚ ਦਿੱਕਤ ਆਉਂਦੀ ਹੈ, ਤਾਂ ਉਹ ਆਪਣਾ ਵਾਹਨ ਸੜਕ ਦੇ ਇਕ ਪਾਸੇ ਖੜ੍ਹਾ ਕਰ ਦੇਵੇ ਅਤੇ ਪਾਰਕਿੰਗ ਦੌਰਾਨ ਫੌਗ ਲਾਈਟਾਂ ਚਾਲੂ ਰੱਖੇ।