ਰੋਂਦੇ ਪਿਤਾ ਦੇ ਬੋਲ- 'ਮੇਰੀ ਧੀ ਦੀ ਲਾਸ਼ ਤਾਂ ਦੇ ਦਿਓ...'
Tuesday, Mar 04, 2025 - 05:35 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਸ਼ਹਿਜ਼ਾਦੀ ਖਾਨ ਨੂੰ 15 ਫਰਵਰੀ 2025 ਨੂੰ UAE 'ਚ ਫਾਂਸੀ ਦੇ ਦਿੱਤੀ ਗਈ। ਸ਼ਹਿਜ਼ਾਦੀ 'ਤੇ ਦੋਸ਼ ਸੀ ਕਿ ਉਸ ਨੇ 4 ਮਹੀਨੇ ਦੇ ਬੱਚੇ ਦੀ ਮੌਤ 'ਚ ਲਾਪ੍ਰਵਾਹੀ ਵਰਤੀ ਸੀ। ਸ਼ਹਿਜ਼ਾਦੀ ਦੋ ਸਾਲ ਤੋਂ ਜੇਲ੍ਹ ਵਿਚ ਸੀ ਅਤੇ ਚਾਰ ਮਹੀਨੇ ਪਹਿਲਾਂ UAE ਦੀ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਸ਼ਹਿਜ਼ਾਦੀ ਦੇ ਪਿਤਾ ਸ਼ਬੀਰ ਖਾਨ ਨੇ ਆਪਣਾ ਦਰਦ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਆਪਣੀ ਧੀ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਦੁਬਈ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਧੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋ ਸਕੇ।
ਇਹ ਵੀ ਪੜ੍ਹੋ- ਬਿਜਲੀ ਖਪਤਕਾਰਾਂ ਲਈ ਵੱਡੀ ਖੁਸ਼ਖ਼ਬਰੀ, ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ
ਪਿਤਾ ਦਾ ਬਿਆਨ
ਸ਼ਹਿਜ਼ਾਦੀ ਦੇ ਪਿਤਾ ਸ਼ਬੀਰ ਖਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ। ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਪਰ ਕੋਈ ਰਾਹਤ ਨਹੀਂ ਮਿਲੀ। ਜਦੋਂ ਤੱਕ ਸਰਕਾਰ ਤੋਂ ਕੋਈ ਜਵਾਬ ਆਉਂਦਾ, ਸ਼ਹਿਜ਼ਾਦੀ ਨੂੰ ਫਾਂਸੀ ਦੇ ਦਿੱਤੀ ਗਈ। ਸ਼ਬੀਰ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਮੇਰੀ ਧੀ ਨੂੰ ਬਚਾਅ ਨਹੀਂ ਸਕੇ ਤਾਂ ਘੱਟੋ-ਘੱਟ ਉਸ ਦੀ ਲਾਸ਼ ਤਾਂ ਵਾਪਸ ਕਰ ਦਿਓ।
ਧੀ ਨਾਲ ਆਖ਼ਰੀ ਕਾਲ ਦੀ ਗੱਲ
ਸ਼ਬੀਰ ਨੇ ਦੱਸਿਆ ਕਿ ਆਖਰੀ ਵਾਰ ਜਦੋਂ ਸ਼ਹਿਜ਼ਾਦੀ ਨੇ ਉਸ ਨਾਲ ਫੋਨ 'ਤੇ ਗੱਲ ਕੀਤੀ ਸੀ ਤਾਂ ਉਹ ਬਹੁਤ ਘਬਰਾਈ ਹੋਈ ਸੀ ਅਤੇ ਮੁਸ਼ਕਲ ਨਾਲ ਬੋਲ ਪਾਉਂਦੀ ਸੀ। ਉਸ ਨੇ ਕਿਹਾ ਸੀ ਕਿ ਮੇਰਾ ਸਮਾਂ ਪੂਰਾ ਹੋ ਗਿਆ। ਇਹ ਗੱਲ ਸੁਣ ਕੇ ਉਹ ਰੋਣ ਲੱਗੇ ਸਨ। ਸ਼ਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਕੋਈ ਮਦਦ ਨਹੀਂ ਮਿਲੀ। ਉਨ੍ਹਾਂ ਦੀ ਆਰਥਿਕ ਸਥਿਤੀ ਵੀ ਇੰਨੀ ਖਰਾਬ ਸੀ ਕਿ ਉਹ ਦੁਬਾਈ ਜਾ ਕੇ ਆਪਣੀ ਧੀ ਦੀ ਸਥਿਤੀ ਦਾ ਪਤਾ ਨਹੀਂ ਲਾ ਸਕਦੇ ਸਨ। ਉਨ੍ਹਾਂ ਨੇ ਆਬੂ ਧਾਬੀ ਕਾਨੂੰਨ ਮੁਤਾਬਕ ਸ਼ਹਿਜ਼ਾਦੀ ਨੂੰ ਮੁਆਫ਼ੀ ਦਿੱਤੇ ਜਾਣ ਲਈ ਆਬੂ ਧਾਬੀ ਸਥਿਤ ਭਾਰਤੀ ਦੂਤਘਰ ਵਿਚ ਇਕ ਚਿੱਠੀ ਵੀ ਲਿਖੀ ਸੀ ਪਰ ਕੁਝ ਨਹੀਂ ਹੋਇਆ।
ਇਹ ਵੀ ਪੜ੍ਹੋ- CM ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਪੁਲਸ ਨਾਲ ਉਲਝਿਆ ਸ਼ਖ਼ਸ
ਕੀ ਹੈ ਪੂਰਾ ਮਾਮਲਾ?
ਸਾਲ 2021 'ਚ ਉਹ ਫੇਸਬੁੱਕ ਰਾਹੀਂ ਆਗਰਾ ਦੇ ਰਹਿਣ ਵਾਲੇ ਉਜ਼ੈਰ ਦੇ ਸੰਪਰਕ 'ਚ ਆਈ ਸੀ। ਉਜ਼ੈਰ ਨੇ ਝੂਠ ਬੋਲ ਕੇ ਸ਼ਹਿਜ਼ਾਦੀ ਨੂੰ ਆਪਣੇ ਜਾਲ ਵਿਚ ਫਸਾ ਲਿਆ। ਉਜ਼ੈਰ ਨੇ ਸ਼ਹਿਜ਼ਾਦੀ ਦਾ ਚਿਹਰਾ ਠੀਕ ਕਰਵਾਉਣ ਲਈ ਆਗਰਾ ਬੁਲਾਇਆ। ਇਸ ਤੋਂ ਬਾਅਦ ਇਲਾਜ ਕਰਵਾਉਣ ਦੇ ਨਾਂ 'ਤੇ ਉਸ ਨੂੰ ਨਵੰਬਰ 2021 'ਚ ਦੁਬਈ ਦੇ ਜੋੜੇ ਫੈਜ਼ ਅਤੇ ਨਾਦੀਆ ਨੂੰ ਵੇਚ ਦਿੱਤਾ ਗਿਆ। ਦਰਅਸਲ ਸ਼ਹਿਜ਼ਾਦੀ ਦਾ ਚਿਹਰਾ ਇਕ ਸਾਈਡ ਤੋਂ ਬਚਪਨ ਵਿਚ ਹੀ ਝੁਲਸ ਗਿਆ ਸੀ। ਫੈਜ ਅਤੇ ਨਾਦੀਆ ਉਸ ਨੂੰ ਪਰੇਸ਼ਾਨ ਕਰਦੇ ਸਨ। ਉਸ ਨੂੰ ਘਰ 'ਚ ਬੰਦ ਕਰ ਕੇ ਰੱਖਦੇ ਸਨ। ਕਦੇ ਬਾਹਰ ਨਹੀਂ ਨਿਕਲਣ ਦਿੰਦੇ ਸਨ, ਕੁੱਟਮਾਰ ਕਰਦੇ ਸਨ। ਉਸ ਨੇ ਕਈ ਵਾਰ ਭਾਰਤਾ ਆਉਣ ਬਾਰੇ ਸੋਚਿਆ ਪਰ ਉਹ ਲੋਕ ਵਾਪਸ ਨਹੀਂ ਆਉਣ ਦੇ ਰਹੇ ਸਨ। ਫੈਜ ਅਤੇ ਨਾਦੀਆ ਦਾ 4 ਮਹੀਨੇ ਦਾ ਪੁੱਤਰ ਸੀ, ਜੋ ਕਾਫੀ ਬੀਮਾਰ ਰਹਿੰਦਾ ਸੀ। ਇਸ ਦਰਮਿਆਨ ਉਸ ਦੀ ਮੌਤ ਹੋ ਗਈ। ਜਿਸ ਦਾ ਇਲਜਾਮ ਫੈਜ ਅਤੇ ਨਾਦੀਆ ਨੇ ਸ਼ਹਿਜ਼ਾਦੀ 'ਤੇ ਲਾ ਦਿੱਤਾ। ਪੁਲਸ ਕੇਸ ਹੋਇਆ ਅਤੇ ਸ਼ਹਿਜ਼ਾਦੀ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਇਨ੍ਹਾਂ ਸੂਬਿਆਂ 'ਚ ਮੀਂਹ ਅਤੇ ਗੜੇਮਾਰੀ ਦਾ ਅਲਰਟ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
ਪੁਲਸ ਨੇ ਸ਼ਹਿਜ਼ਾਦੀ ਨੂੰ 2023 'ਚ ਕੀਤਾ ਸੀ ਗ੍ਰਿਫਤਾਰ
ਸ਼ਹਿਜ਼ਾਦੀ ਖਾਨ ਦੀ ਵਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਬੱਚੇ ਨੂੰ 7 ਦਸੰਬਰ 2022 ਨੂੰ ਨਿਯਮਤ ਟੀਕਾ ਲਗਾਇਆ ਗਿਆ ਸੀ। ਉਸੇ ਸ਼ਾਮ ਬੱਚੇ ਦੀ ਮੌਤ ਹੋ ਗਈ। ਹਸਪਤਾਲ ਨੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਦੀ ਸਿਫਾਰਸ਼ ਕੀਤੀ ਸੀ, ਪਰ ਬੱਚੇ ਦੇ ਮਾਪਿਆਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਫਰਵਰੀ 2023 'ਚ ਜੋੜੇ ਨੇ ਸ਼ਹਿਜ਼ਾਦੀ 'ਤੇ ਆਪਣੇ ਬੱਚੇ ਦੇ ਕਤਲ ਦਾ ਦੋਸ਼ ਲਗਾਇਆ ਅਤੇ ਉਸ ਨੂੰ ਆਬੂ ਧਾਬੀ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ 'ਚ ਪੁਲਸ ਨੂੰ ਇਕ ਵੀਡੀਓ ਰਿਕਾਰਡਿੰਗ ਵੀ ਮਿਲੀ ਸੀ, ਜਿਸ 'ਚ ਸ਼ਹਿਜ਼ਾਦੀ ਨੇ ਬੱਚੇ ਦੇ ਕਤਲ ਦੀ ਗੱਲ ਕਬੂਲ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8