ਕਸ਼ਮੀਰ ’ਚ 26 ਸਾਲਾਂ ਬਾਅਦ ਖੁੱਲ੍ਹਿਆ ਸ਼ੀਤਲਨਾਥ ਮੰਦਰ
Wednesday, Sep 01, 2021 - 10:01 AM (IST)
ਜੰਮੂ (ਵਾਰਤਾ)– ਜੰਮੂ ਕਸ਼ਮੀਰ ’ਚ ਰਾਜਧਾਨੀ ਸ਼੍ਰੀਨਗਰ ’ਚ ਵੱਖਵਾਦੀਆਂ ਅਤੇ ਅੱਤਵਾਦੀਆਂ ਵਲੋਂ 26 ਸਾਲ ਪਹਿਲਾਂ ਨੁਕਸਾਨੇ ਗਏ ਬੇਹੱਦ ਪ੍ਰਾਚੀਨ ਅਤੇ ਇਤਿਹਾਸਕ ਸ਼ੀਤਲਨਾਥ ਮੰਦਰ ਨੂੰ ਮੰਗਲਵਾਰ ਨੂੰ ਪਹਿਲੀ ਵਾਰ ਖੋਲ੍ਹਿਆ ਗਿਆ ਅਤੇ ਭਗਵਾਨ ਸ਼ਿਵ ਦਾ ਅਭਿਸ਼ੇਕ ਕੀਤਾ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਦੀ 2 ਦਿਨਾ ਯਾਤਰਾ ’ਤੇ ਆਏ ਕੇਂਦਰੀ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਮੰਗਲਵਾਰ ਨੂੰ ਇਸ 700 ਸਾਲਾਂ ਤੋਂ ਵੱਧ ਪੁਰਾਣੇ ਮੰਦਰ ਬਾਰੇ ਪੁੱਛ-ਗਿੱਛ ਕੀਤੀ ਅਤੇ 26 ਸਾਲਾਂ ਤੋਂ ਬੰਦ ਪਏ ਮੰਦਰ ਨੂੰ ਖੁੱਲ੍ਹਵਾਇਆ। ਪ੍ਰਸ਼ਾਸਨ ਵਲੋਂ ਭਗਵਾਨ ਸ਼ਿਵ ਨੂੰ ਸਮਰਪਿਤ ਇਸ ਮੰਦਰ ਦੀ ਸਾਫ਼-ਸਫ਼ਾਈ ਕਰਵਾਈ ਗਈ ਅਤੇ ਫਿਰ ਸ਼੍ਰੀ ਪਟੇਲ ਨੇ ਇੱਥੇ ਆ ਕੇ ਭਗਵਾਨ ਦੇ ਦਰਸ਼ਨ ਕੀਤੇ ਅਤੇ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ।
ਸਾਲ 1995 ’ਚ ਚਰਾਰੇ ਸ਼ਰੀਫ਼ ਦੀ ਦਰਗਾਹ ’ਚ ਅੱਗ ਲੱਗਣ ਤੋਂ ਬਾਅਦ ਕਸ਼ਮੀਰੀ ਵੱਖਵਾਦੀਆਂ ਅਤੇ ਅੱਤਵਾਦੀਆਂ ਨੇ ਕਸ਼ਮੀਰ ਘਾਟੀ ਦੇ ਸੈਂਕੜੇ ਮੰਦਰਾਂ ’ਤੇ ਹਮਲੇ ਕਰ ਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਕਈਆਂ ਨੂੰ ਸਾੜ ਦਿੱਤਾ ਸੀ। ਸ਼ੀਤਲਨਾਥ ਮੰਦਰ ਉਨ੍ਹਾਂ ਮੰਦਰਾਂ ’ਚੋਂ ਇਕ ਹੈ। ਜੰਮੂ ਕਸ਼ਮੀਰ ਦੇ ਹਜ਼ਾਰਾਂ ਸਾਲ ਦੇ ਇਤਿਹਾਸ ਨੂੰ ਦਰਸਾਉਣ ਦੇ ਉਦੇਸ਼ਨਾਲ ਕਲਹਣ ਵਲੋਂ 1148-49 ’ਚ ਰਚਿਤ ਰਾਜਤਰੰਗਿਣੀ ’ਚ ਸ਼ੀਤਲਨਾਥ ਮੰਦਰ ਦਾ ਜ਼ਿਕਰ ਕੀਤਾ ਗਿਆ ਹੈ।