''ਬਿਹਾਰੀ ਬਾਬੂ ਨੂੰ ਔਕਾਤ ਦਿਖਾਉਣ'' ਸਬੰਧੀ ਖਬਰ ''ਤੇ ਵਰ੍ਹੇ ਸ਼ਤਰੂਘਨ ਸਿਨਹਾ

05/09/2019 6:01:02 PM

ਪਟਨਾ (ਭਾਸ਼ਾ)— ਅਭਿਨੇਤਾ ਤੋਂ ਨੇਤਾ ਬਣੇ ਸ਼ਤਰੂਘਨ ਸਿਨਹਾ ਨੇ ਮੀਡੀਆ ਵਿਚ ਆਈ ਉਸ ਖਬਰ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ, ਜਿਸ ਵਿਚ ਕਿਹਾ ਗਿਆ ਕਿ 'ਬਿਹਾਰੀ ਬਾਬੂ ਨੂੰ ਉਨ੍ਹਾਂ ਦੀ ਔਕਾਤ' ਦਿਖਾਈ ਜਾਵੇਗੀ। ਭਾਜਪਾ ਸੂਤਰਾਂ ਮੁਤਾਬਕ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਪਟਨਾ ਸਾਹਿਬ ਸੰਸਦੀ ਖੇਤਰ ਵਿਚ ਆਉਣ ਵਾਲੇ ਸ਼ਨੀਵਾਰ ਨੂੰ ਅਮਿਤ ਸ਼ਾਹ ਦਾ ਰੋਡ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਰੋਡ ਸ਼ੋਅ ਕਦਮਕੁਆਂ ਖੇਤਰ ਤੋਂ ਸ਼ੁਰੂ ਹੋਵੇਗਾ, ਜਿੱਥੇ ਸ਼ਤਰੂਘਨ ਸਿਨਹਾ ਦਾ ਜੱਦੀ ਘਰ ਸਥਿਤ ਹੈ। 

ਇਹ ਰੋਡ ਸ਼ੋਅ ਇਲਾਕੇ ਦੀਆਂ ਤੰਗ ਗਲੀਆਂ ਤੋਂ ਹੁੰਦਾ ਹੋਇਆ ਇਤਿਹਾਸਕ ਗਾਂਧੀ ਮੈਦਾਨ ਨੇੜੇ ਖਤਮ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਰੋਡ ਸ਼ੋਅ ਸ਼ਤਰੂਘਨ ਨੂੰ ਚੁਣੌਤੀ ਦੇਣ ਲਈ ਕੱਢਿਆ ਜਾ ਰਿਹਾ ਹੈ। ਸ਼ਤਰੂਘਨ ਵਿਰੋਧੀ ਧਿਰ ਮਹਾਗਠਜੋੜ ਵਿਚ ਸ਼ਾਮਲ ਕਾਂਗਰਸੀ ਉਮੀਦਵਾਰ ਹਨ। ਹਾਲ ਹੀ 'ਚ ਭਾਜਪਾ ਵਿਰੁੱਧ ਬਗਾਵਤ ਕਰਨ ਵਾਲੇ ਸ਼ਤਰੂਘਨ ਨੇ ਕਾਂਗਰਸ ਦਾ ਲੜ ਫੜਿਆ ਹੈ। ਕਾਂਗਰਸ ਨੇ ਪਟਨਾ ਸਾਹਿਬ ਸੰਸਦੀ ਖੇਤਰ ਤੋਂ ਸ਼ਤਰੂਘਨ ਸਿਨਹਾ ਨੂੰ ਉਮੀਦਾਵਰ ਐਲਾਨਿਆ ਹੈ, ਜਦਕਿ ਇੱਥੋਂ ਹੀ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੂੰ ਟਿਕਟ ਦਿੱਤੀ ਗਈ ਹੈ।

ਸ਼ਤਰੂਘਨ ਸਿਨਹਾ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਸ਼ਾਹ ਪਟਨਾ ਆ ਰਹੇ ਹਨ। ਮਹਿਮਾਨ ਦੇ ਰੂਪ ਵਿਚ ਉਨ੍ਹਾਂ ਦਾ ਉਸ ਤਰ੍ਹਾਂ ਹੀ ਸਵਾਗਤ ਹੈ, ਜਿਵੇਂ ਹੋਰ ਲੋਕਾਂ ਦਾ ਹੁੰਦਾ ਹੈ। ਉਨ੍ਹਾਂ ਨੂੰ ਚਾਹ ਨਾਲ ਪਕੌੜੇ ਦਿੱਤੇ ਜਾਣਗੇ, ਜੋ ਉਨ੍ਹਾਂ ਨੂੰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਪਸੰਦ ਹਨ। ਸ਼ਤਰੂਘਨ ਨੇ ਇਸ ਦੇ ਨਾਲ ਹੀ ਕਿਹਾ ਕਿ ਸ਼ਾਹ ਮੈਨੂੰ ਮੇਰੀ ਔਕਾਤ ਦਿਖਾਉਣ ਲਈ ਇੱਥੇ ਆ ਰਹੇ ਹਨ। ਇਸ ਤੋਂ ਲੱਗਦਾ ਹੈ ਕਿ ਭਾਜਪਾ ਨੇ 2015 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੋਈ ਸਬਕ ਨਹੀਂ ਲਿਆ, ਜਦੋਂ ਡੀ. ਐੱਨ. ਏ. ਵਾਲੀ ਟਿੱਪਣੀ ਐੱਨ. ਡੀ. ਏ. ਨੂੰ ਮਹਿੰਗੀ ਪਈ ਸੀ। ਦੱਸਣਯੋਗ ਹੈ ਕਿ ਭਾਜਪਾ ਦੇ ਸੂਤਰਾਂ ਦੇ ਹਵਾਲੇ ਤੋਂ ਮੀਡੀਆ ਦੇ ਇਕ ਵਰਗ 'ਚ ਇਹ ਗੱਲ ਸਾਹਮਣੇ ਆਈ ਕਿ ਮੋਦੀ ਅਤੇ ਸ਼ਾਹ ਦੀ ਅਗਵਾਈ ਦੀ ਆਲੋਚਨਾ ਕਰਨ ਵਾਲੇ ਸ਼ਤਰੂਘਨ ਸਿਨਹਾ ਨੂੰ ਉਨ੍ਹਾਂ ਦੀ ਔਕਾਤ ਦਿਖਾਉਣ ਲਈ ਉਕਤ ਰਸਤਾ ਜਾਣ ਬੁੱਝ ਕੇ ਸ਼ਾਹ ਦੇ ਰੋਡ ਸ਼ੋਅ ਲਈ ਚੁਣਿਆ ਗਿਆ ਹੈ।


Tanu

Content Editor

Related News