ਕਸ਼ਮੀਰੀ ਪੰਡਤਾਂ ਦੇ ਕਤਲੇਆਮ ਨਾਲ ਜੁੜੀ ਜਾਣਕਾਰੀ ਸਾਂਝੀ ਕਰੋ : ਆਰ. ਪੀ. ਸਿੰਘ
Wednesday, Aug 09, 2023 - 11:23 AM (IST)
ਨਵੀਂ ਦਿੱਲੀ, (ਜ. ਬ.)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਕ ਇਤਿਹਾਸਕ ਕਦਮ ਚੁੱਕਦੇ ਹੋਏ 34 ਸਾਲ ਬਾਅਦ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਦੇ ਮਾਮਲਿਆਂ ਨੂੰ ਫਿਰ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਦੁਬਾਰਾ ਖੋਲ੍ਹੇ ਜਾ ਰਹੇ ਮਾਮਲਿਆਂ ’ਚ ਪਹਿਲਾ ਕੇਸ ਰਿਟਾਇਰਡ ਜੱਜ ਨੀਲਕੰਠ ਗੰਜੂ ਦੀ ਹੱਤਿਆ ਨਾਲ ਜੁੜਿਆ ਹੈ, ਜਿਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਯਾਸੀਨ ਮਲਿਕ ਦੇ ਜੇ. ਕੇ. ਐੱਲ. ਐੱਫ. ਅੱਤਵਾਦੀਆਂ ਨੇ 4 ਨਵੰਬਰ 1989 ਨੂੰ ਸ਼੍ਰੀਨਗਰ ’ਚ ਦਿਨ-ਦਹਾੜੇ ਕਰ ਦਿੱਤੀ ਸੀ। ਜੱਜ ਗੰਜੂ ਨੇ ਜੇ. ਕੇ. ਐੱਲ. ਐੱਫ. ਅੱਤਵਾਦੀ ਮਕਬੂਲ ਬਟ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਹ ਸਜ਼ਾ ਬ੍ਰਿਟੇਨ ’ਚ ਭਾਰਤੀ ਡਿਪਲੋਮੈਟ ਰਵਿੰਦਰ ਮਹਾਤਰੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਦਿੱਤੀ ਗਈ ਸੀ।
ਆਰ. ਪੀ. ਸਿੰਘ ਨੇ ਕਸ਼ਮੀਰੀਆਂ, ਪੰਡਤਾਂ ਅਤੇ ਮੁਸਲਮਾਨਾਂ ਨਾਲ 1989-90 ’ਚ ਹੋਏ ਕਤਲੇਆਮ ਦੀ ਜਾਣਕਾਰੀ ਸਾਂਝੀ ਕਰਨ ਅਤੇ ਗਵਾਹੀ ਦੇਣ ਲਈ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਮੌਕੇ ਨੂੰ ਹੱਥੋਂ ਜਾਣ ਨਾ ਦਿੱਤਾ ਜਾਵੇ ।