ਸ਼ਰਦ ਯਾਦਵ ਨੇ ਕਿਹਾ, ''ਮੈਨੂੰ ਬੋਲਣ ਦੀ ਸਜ਼ਾ ਮਿਲੀ''

12/06/2017 2:00:01 PM

ਨਵੀਂ ਦਿੱਲੀ— ਸੀਨੀਅਰ ਸਮਾਜਵਾਦੀ ਆਗੂ ਸ਼ਰਦ ਯਾਦਵ ਨੇ ਰਾਜਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਏ ਜਾਣ ਮਗਰੋਂ ਕਿਹਾ ਕਿ ਉਨ੍ਹਾਂ ਨੂੰ ਲੋਕਤੰਤਰ ਲਈ ਬੋਲਣ ਦੀ ਸਜ਼ਾ ਮਿਲੀ ਹੈ। ਯਾਦਵ ਨੇ ਰਾਜ ਸਭਾ ਦੇ ਕਲ ਦੇ ਫੈਸਲੇ 'ਤੇ ਆਪਣੀ ਪ੍ਰਤੀਕਿਰਿਆ 'ਚ ਅੱਜ ਕਿਹਾ ਕਿ ਬਿਹਾਰ ਵਿਚ ਬਣੇ ਮਹਾਗਠਜੋੜ ਨੂੰ ਤੋੜਨ ਸਬੰਧੀ ਆਪਣੀ ਪਾਰਟੀ ਦੇ ਫੈਸਲੇ ਦੀ ਖਿਲਾਫਤ ਕਰਨ ਕਾਰਨ ਸੰਸਦ ਦੀ ਮੈਂਬਰੀ ਗੁਆਉਣੀ ਪਈ ਹੈ। ਉਨ੍ਹਾਂ ਟਵੀਟ ਕੀਤਾ, ''ਮੈਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਯੋਗ ਕੀਤਾ ਗਿਆ ਹੈ। ਬਿਹਾਰ ਵਿਚ ਰਾਜਗ ਨੂੰ ਹਰਾਉਣ ਲਈ ਬਣੇ ਮਹਾਗਠਜੋੜ ਨੂੰ 18 ਮਹੀਨਿਆਂ ਵਿਚ ਹੀ ਸੱਤਾ 'ਚ ਬਣੇ ਰਹਿਣ ਦੇ ਮਕਸਦ ਨਾਲ ਰਾਜਗ 'ਚ ਸ਼ਾਮਲ ਹੋਣ ਲਈ ਤੋੜ ਦਿੱਤਾ ਗਿਆ ਹੈ। ਜੇਕਰ ਇਸ ਗੈਰ-ਲੋਕਤੰਤਰੀ ਢੰਗ ਵਿਰੁੱਧ ਬੋਲਣਾ ਮੇਰੀ ਗਲਤੀ ਹੈ ਤਾਂ ਲੋਕਤੰਤਰ ਨੂੰ ਬਚਾਉਣ ਲਈ ਮੇਰੀ ਇਹ ਲੜਾਈ ਜਾਰੀ ਰਹੇਗੀ।''
ਯਾਦ ਰਹੇ ਕਿ ਰਾਜਸਭਾ ਦੇ ਚੇਅਰਮੈਨ ਨੇ ਜਦਯੂ ਨਾਲ ਸਬੰਧਿਤ ਰਾਜ ਸਭਾ ਮੈਂਬਰ ਯਾਦਵ ਅਤੇ ਅਲੀ ਅਨਵਰ ਨੂੰ ਕਲ ਸਦਨ ਦੀ ਮੈਂਬਰੀ ਤੋਂ ਅਯੋਗ ਐਲਾਨ ਦਿੱਤਾ ਸੀ।


Related News