ਅਯੁੱਧਿਆ ਦੇ ਲੋਕਾਂ ਨੇ ਠੀਕ ਕਰ ਦਿੱਤੀ ‘ਮੰਦਰ ਦੀ ਰਾਜਨੀਤੀ’ : ਸ਼ਰਦ ਪਵਾਰ
Wednesday, Jun 12, 2024 - 10:49 PM (IST)
ਪੁਣੇ, (ਇੰਟ.)- ਯੂ. ਪੀ. ਦੀ ਫੈਜ਼ਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੀ ਹਾਰ ਦੇ ਹੁਣ ਤੱਕ ਚਰਚੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਇਸ ਲੋਕ ਸਭਾ ਸੀਟ ਦੇ ਅਧੀਨ ਅਯੁੱਧਿਆ ਵੀ ਆਉਂਦਾ ਹੈ, ਜਿੱਥੇ ਰਾਮ ਮੰਦਰ ਬਣਿਆ ਹੈ।
ਰਾਮ ਮੰਦਰ ਦਾ ਜ਼ਿਕਰ ਭਾਜਪਾ ਦੇ ਨੇਤਾ ਲਗਾਤਾਰ ਆਪਣੇ ਭਾਸ਼ਣਾਂ ’ਚ ਕਰ ਰਹੇ ਸਨ ਅਤੇ ਉਸ ਦੀ ਚਰਚਾ ਸੀ। ਅਜਿਹੇ ’ਚ ਅਯੁੱਧਿਆ ਦੀ ਹਾਰ ਨੇ ਭਾਜਪਾ ਸਮੇਤ ਸਾਰਿਆਂ ਨੂੰ ਹੈਰਾਨ ਕੀਤਾ ਹੈ।
ਹੁਣ ਰਾਕਾਂਪਾ ਦੇ ਨੇਤਾ ਸ਼ਰਦ ਪਵਾਰ ਨੇ ਵੀ ਇਸ ’ਤੇ ਟਿੱਪਣੀ ਕੀਤੀ ਹੈ ਅਤੇ ਇਸ ਨਤੀਜੇ ਨੂੰ ਅਯੁੱਧਿਆ ਦੇ ਵੋਟਰਾਂ ਦੀ ਸਮਝਦਾਰੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਦੇ ਲੋਕਾਂ ਨੇ ਭਾਜਪਾ ਦੇ ਉਮੀਦਵਾਰ ਨੂੰ ਹਰਾ ਕੇ ਵਿਖਾਇਆ ਹੈ ਕਿ ‘ਮੰਦਰ ਦੀ ਰਾਜਨੀਤੀ’ ਨੂੰ ਕਿਵੇਂ ਠੀਕ ਕੀਤਾ ਜਾਵੇ।
ਪਵਾਰ ਨੇ ਬਾਰਾਮਤੀ ’ਚ ਇਕ ਮੀਟਿੰਗ ’ਚ ਕਿਹਾ ਕਿ ਭਾਜਪਾ ਨੇ 5 ਸਾਲ ਪਹਿਲਾਂ 300 ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਸਨ ਪਰ ਇਸ ਵਾਰ ਉਸ ਦੀਆਂ ਸੀਟਾਂ ਦੀ ਗਿਣਤੀ ਘਟ ਕੇ 240 ਰਹਿ ਗਈ, ਜੋ ਬਹੁਮਤ ਨਾਲੋਂ ਕਾਫ਼ੀ ਘੱਟ ਹੈ।
ਉਨ੍ਹਾਂ ਕਿਹਾ, ‘‘ਮੈਨੂੰ ਲੱਗ ਰਿਹਾ ਸੀ ਕਿ ਰਾਮ ਮੰਦਰ ਚੋਣ ਏਜੰਡਾ ਹੋਵੇਗਾ ਅਤੇ ਸੱਤਾਧਾਰੀ ਪਾਰਟੀ ਨੂੰ ਵੋਟਾਂ ਮਿਲਣਗੀਆਂ ਪਰ ਸਾਡੇ ਦੇਸ਼ ਦੇ ਲੋਕ ਕਾਫ਼ੀ ਸਮਝਦਾਰ ਹਨ।”