ਸ਼ੰਕਰਾਚਾਰੀਆ ਬੋਲੇ-ਮੋਹਨ ਭਾਗਵਤ ਵਿਆਹ ਕਰ ਕੇ ਬੱਚੇ ਕਿਉਂ ਨਹੀਂ ਪੈਦਾ ਕਰਦੇ?
Monday, Apr 06, 2026 - 10:11 AM (IST)
ਬਰੇਲੀ (ਇੰਟ.)- ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਆਰ.ਐੱਸ.ਐੱਸ. ਦੇ .ਮੁਖੀ ਮੋਹਨ ਭਾਗਵਤ ਵੱਲੋਂ ਹਿੰਦੂਆਂ ਨੂੰ 3-3 ਬੱਚੇ ਪੈਦਾ ਕਰਨ ਬਾਰੇ ਦਿੱਤੇ ਬਿਆਨ ’ਤੇ ਉਨ੍ਹਾਂ ਨੂੰ ਖੁਦ ਵੀ ਵਿਆਹ ਕਰਨ ਦੀ ਐਤਵਾਰ ਸਲਾਹ ਦਿੱਤੀ। ਸ਼ੰਕਰਾਚਾਰੀਆ ਜਿਨ੍ਹਾਂ ਬਰੇਲੀ ਦੀ ਦੋਹਰਾ ਰੋਡ ’ਤੇ ਦੇਵਭੂਮੀ ਉਦਯੋਗਿਕ ਸਿਖਲਾਈ ਸੰਸਥਾ ਦਾ ਦੌਰਾ ਕੀਤਾ, ਨੇ ਕਿਹਾ ਕਿ ਮੋਹਨ ਭਾਗਵਤ ਤੇ ਉਨ੍ਹਾਂ ਦੇ ਪ੍ਰਚਾਰਕਾਂ ਨੂੰ ਵਿਆਹ ਕਰਨਾ ਚਾਹੀਦਾ ਹੈ, ਬੱਚੇ ਪੈਦਾ ਕਰਨੇ ਚਾਹੀਦੇ ਹਨ ਤੇ ਆਬਾਦੀ ਵਧਾਉਣੀ ਚਾਹੀਦੀ ਹੈ। ਉਹ ਇੰਝ ਕਿਉਂ ਨਹੀਂ ਕਰਦੇ? ਇਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਆਬਾਦੀ ਖਤਰਨਾਕ ਹੱਦ ਤਕ ਵੱਧ ਗਈ ਹੈ ਜਦੋਂ ਕਿ ਦੂਜੇ ਪਾਸੇ ਇਹ ਲੋਕ ਆਬਾਦੀ ਹੋਰ ਵਧਾਉਣ ਦੀ ਗੱਲ ਕਰਦੇ ਹਨ।
ਸ਼ੰਕਰਾਚਾਰੀਆ ਨੇ ਕਿਹਾ ਕਿ ਸਮਾਜ ਨੂੰ ਦਿਸ਼ਾ ਦੇਣ ਵਾਲੇ ਨੂੰ ਆਪਣੇ ਜੀਵਨ ’ਚ ਵੀ ਉਹੀ ਕੁਝ ਕਰਨਾ ਚਾਹੀਦਾ ਹੈ ਜੋ ਉਹ ਦੂਜਿਆਂ ਨੂੰ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਵਿਅੰਗਾਤਮਕ ਢੰਗ ਨਾਲ ਕਿਹਾ ਕਿ ਜੇ ਮੋਹਨ ਭਾਗਵਤ ਨੂੰ ਹਿੰਦੂਆਂ ਦੀ ਗਿਣਤੀ ਵਧਾਉਣ ਦੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਵਿਆਹ ਕਰਨਾ ਚਾਹੀਦਾ ਹੈ ਤੇ ਬੱਚੇ ਪੈਦਾ ਕਰਨੇ ਚਾਹੀਦੇ ਹਨ। ਸ਼ੰਕਰਾਚਾਰੀਆ ਨੇ ਕਿਹਾ ਕਿ ਦੇਸ਼ ’ਚ ਧਰਮ ਤੇ ਆਬਾਦੀ ਵਰਗੇ ਨਾਜ਼ੁਕ ਮੁੱਦਿਆਂ ’ਤੇ ਬਿਆਨ ਦੇਣ ਤੋਂ ਪਹਿਲਾਂ ਨੇਤਾਵਾਂ ਨੂੰ ਆਪਣੇ ਆਚਰਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਸਮਾਜ ’ਚ ਸੰਤੁਲਨ ਤੇ ਸਦਭਾਵਨਾ ਦੀ ਅਪੀਲ ਕੀਤੀ। ਵਿਰੋਧੀ ਧਿਰ ਦੀ ਹਮਾਇਤ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਕਹਿੰਦੀ ਹੈ ਕਿ ਉਹ ਵਿਰੋਧੀ ਧਿਰ ਨਾਲ ਖੜ੍ਹੀ ਹੈ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਗੱਲ ਸੁਣੋ। ਗਊ ਰੱਖਿਆ ਲਈ ਕਾਨੂੰਨ ਬਣਾਓ। ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ। ਮੈਂ ਸੱਤਾਧਾਰੀ ਧਿਰ ਜਾਂ ਵਿਰੋਧੀ ਧਿਰ ਦੇ ਨਾਲ ਨਹੀਂ ਹਾਂ। ਮੈਂ ਤਾਂ ਉਸ ਨਾਲ ਖੜ੍ਹਾ ਹੋਵਾਂਗਾ ਜੋ ਮੇਰੀ ਗੱਲ ਸੁਣੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
