ਮੋਹਨ ਬਾਗਾਨ ਦੇ ਸਾਬਕਾ ਪ੍ਰਧਾਨ Tutu Bose ਦਾ ਦੇਹਾਂਤ; ਖੇਡ ਜਗਤ ਵਿੱਚ ਸੋਗ ਦੀ ਲਹਿਰ
Wednesday, May 13, 2026 - 05:10 PM (IST)
ਕੋਲਕਾਤਾ : ਮੋਹਨ ਬਾਗਾਨ ਫੁੱਟਬਾਲ ਕਲੱਬ ਦੇ ਸਾਬਕਾ ਪ੍ਰਧਾਨ ਸਵਪਨ ਸਾਧਨ ਬੋਸ, ਜਿਨ੍ਹਾਂ ਨੂੰ ਕੋਲਕਾਤਾ ਦੇ ਫੁੱਟਬਾਲ ਹਲਕਿਆਂ ਵਿੱਚ ਪਿਆਰ ਨਾਲ 'ਟੂਟੂ ਬੋਸ' ਕਿਹਾ ਜਾਂਦਾ ਸੀ, ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ 79 ਸਾਲਾਂ ਦੇ ਸਨ।
ਭਾਰਤੀ ਫੁੱਟਬਾਲ ਪ੍ਰਸ਼ਾਸਨ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ, ਟੂਟੂ ਬੋਸ ਪਿਛਲੇ ਕੁਝ ਸਮੇਂ ਤੋਂ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਪਰਿਵਾਰ ਅਨੁਸਾਰ, ਉਨ੍ਹਾਂ ਨੇ ਮੰਗਲਵਾਰ ਰਾਤ ਕਰੀਬ 11:45 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪੋਤੇ, ਅਰਿਨਜੋਏ ਬੋਸ ਨੇ ਸੋਸ਼ਲ ਮੀਡੀਆ 'ਤੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਇੱਕ ਆਦਰਸ਼ ਪਿਤਾ, ਦਾਦਾ ਅਤੇ ਇੱਕ ਸ਼ਾਨਦਾਰ ਪ੍ਰਸ਼ਾਸਕ ਵਜੋਂ ਯਾਦ ਕੀਤਾ ਹੈ।
ਬੋਸ ਲਗਭਗ ਤਿੰਨ ਦਹਾਕਿਆਂ ਤੱਕ ਮੋਹਨ ਬਾਗਾਨ ਕਲੱਬ ਨਾਲ ਜੁੜੇ ਰਹੇ। ਇਸ ਲੰਬੇ ਸਫ਼ਰ ਦੌਰਾਨ ਉਨ੍ਹਾਂ ਨੇ ਕਲੱਬ ਦੇ ਸਕੱਤਰ ਅਤੇ ਪ੍ਰਧਾਨ ਸਮੇਤ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ। ਮੋਹਨ ਬਾਗਾਨ ਨੂੰ ਦੇਸ਼ ਦਾ ਸਰਵੋਤਮ ਕਲੱਬ ਬਣਾਉਣ ਅਤੇ ਇਸ ਦੀ ਸ਼ਾਨ ਵਧਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਚਲਾਣੇ ਨਾਲ ਭਾਰਤੀ ਫੁੱਟਬਾਲ ਪ੍ਰਸ਼ਾਸਨ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ।
