''ਜਦੋਂ ਤਕ ਨਾਗਰਿਕਤਾ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ, ਅਸੀਂ ਇਕ ਇੰਚ ਪਿੱਛੇ ਨਹੀਂ ਹਟਾਂਗੇ''

01/05/2020 5:24:55 PM

ਨਵੀਂ ਦਿੱਲੀ— ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਵਿਰੋਧ ਪ੍ਰਦਰਸ਼ਨ 22ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਇਸ ਪ੍ਰਦਰਸ਼ਨ 'ਚ ਲੋਕ ਇਸ ਕਾਨੂੰਨ ਦੇ ਵਿਰੋਧ ਤੋਂ ਇਲਾਵਾ ਨੈਸ਼ਨਲ ਰਜਿਸਟਰ ਆਫ ਸਿਟੀਜਨਜ਼ (ਐੱਨ. ਆਰ. ਸੀ.) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਮੇਹਰੂਨ ਈਸ਼ਾ (50) ਜੋ ਕਿ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ 'ਤੇ ਹੈ, ਨੇ ਕਿਹਾ ਕਿ ਅਸੀਂ ਨਾਗਰਿਕਤਾ ਸੋਧ ਕਾਨੂੰਨ, ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ। ਸਾਡੇ ਵਿਚੋਂ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜੋ ਬਹੁਤ ਗਰੀਬ ਹਨ। ਉਨ੍ਹਾਂ ਕਿਹਾ ਕਿ ਅਸੀਂ ਨੋਟਬੰਦੀ ਤੋਂ ਬਾਅਦ ਆਪਣੀ ਰੋਜ਼ੀ-ਰੋਟੀ ਦੇ ਸਰੋਤਾਂ ਨੂੰ ਗੁਆ ਚੁੱਕੇ ਹਾਂ ਅਤੇ ਹੁਣ ਸਰਕਾਰ ਨੇ ਸਾਨੂੰ ਪਰੇਸ਼ਾਨ ਕਰਨ ਨਵਾਂ ਢੰਗ ਲੱਭ ਲਿਆਈ ਹੈ। ਪ੍ਰਦਰਸ਼ਨਕਾਰੀਆਂ ਦਾ ਹਿੱਸਾ ਬਣੇ ਯੋਗੇਸ਼ ਸਵਾਮੀ ਜੋ ਕਿ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੀ. ਏ. ਏ. ਅਤੇ ਐੱਨ. ਆਰ. ਸੀ. ਵਿਰੁੱਧ ਨਾਟਕਾਂ ਦਾ ਆਯੋਜਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸ਼ਾਂਤਮਈ ਵਿਰੋਧ ਦਾ ਇਕ ਰੂਪ ਹੈ। ਇਸ ਲਈ ਅਸੀਂ ਗੀਤ ਗਾਉਂਦੇ ਹਾਂ ਅਤੇ ਕਵਿਤਾਵਾਂ ਪੜ੍ਹਦੇ ਹਾਂ। 

ਦਰਅਸਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਬਿਆਨ 'ਚ ਕਿਹਾ ਸੀ ਕਿ ਸਰਕਾਰ ਇਸ ਕਾਨੂੰਨ ਨੂੰ ਰੱਦ ਕਰਨ ਲਈ ਇਕ ਇੰਚ ਵੀ ਪਿੱਛੇ ਨਹੀਂ ਹਟੇਗੀ। ਰਾਜਸਥਾਨ ਤੋਂ ਦਿੱਲੀ ਆਈ ਸ਼ਬੀਨਾ ਨਾਂ ਦੇ ਇਕ ਔਰਤ ਨੇ ਸ਼ਾਹ ਦੇ ਇਸ ਬਿਆਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨਹੀਂ ਹਟੇਗੀ ਤਾਂ ਉਦੋਂ ਤਕ ਅਸੀਂ ਵੀ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ। ਇਹ ਨਾਰਾਜ਼ ਮਾਂਵਾਂ ਦਾ ਦਰਦ ਹੈ, ਜਿਨ੍ਹਾਂ ਨੂੰ ਵਿਦਿਆਰਥੀਆਂ, ਸਥਾਨਕ ਲੋਕਾਂ ਅਤੇ ਹੋਰ ਲੋਕਾਂ ਦਾ ਸਮਰਥਨ ਮਿਲਿਆ ਹੈ। ਅਸੀਂ ਪੁਲਸ ਦੀ ਬੇਰਹਿਮੀ, ਸੀ. ਏ. ਏ. ਅਤੇ ਐੱਨ. ਆਰ. ਸੀ. ਵਿਰੁੱਧ ਡਟੇ ਰਹਾਂਗੇ। 'ਇੰਕਲਾਬ ਜ਼ਿੰਦਾਬਾਦ' ਦੇ ਜ਼ੋਰਦਾਰ ਨਾਅਰੇ ਨਾਲ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੇਸ਼ ਭਰ ਤੋਂ ਲੋਕ ਇੱਥੇ ਆਏ ਹਨ ਅਤੇ ਉਦੋਂ ਤਕ ਅਜਿਹਾ ਕਰਦੇ ਰਹਿਣਗੇ, ਜਦੋਂ ਤਕ ਨਾਗਰਿਕਤਾ ਸੋਧ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ।


Tanu

Content Editor

Related News