‘ਸ਼ਬਨਮ ਦੀ ਫਾਂਸੀ ਰੋਕਣ ਲਈ ਰਾਜਪਾਲ ਨੂੰ ਭੇਜੀ ਦੂਜੀ ਦਯਾ ਪਟੀਸ਼ਨ’
Saturday, Feb 20, 2021 - 09:56 AM (IST)
ਰਾਮਪੁਰ– ਅਮਰੋਹਾ ਦੇ ਬਾਵਨਖੇੜੀ ਵਿਚ 14-15 ਅਪ੍ਰੈਲ 2008 ਵਿਚ ਪਰਿਵਾਰ ਦੇ 7 ਮੈਂਬਰਾਂ ਨੂੰ ਪ੍ਰੇਮੀ ਸਲੀਮ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਨ ਵਾਲੀ ਸ਼ਬਨਮ ਨੇ ਰਾਜਪਾਲ ਦੇ ਨਾਂ ਹੁਣ ਇਕ ਹੋਰ ਦਯਾ ਪਟੀਸ਼ਨ ਅਰਜ਼ੀ ਤਿਆਰ ਕੀਤੀ ਹੈ। ਰਾਜਪਾਲ ਆਨੰਦੀਬੇਨ ਪਟੇਲ ਤੱਕ ਭੇਜਣ ਲਈ ਇਹ ਪਟੀਸ਼ਨ ਉਸ ਦੇ ਵਕੀਲਾਂ ਨੇ ਰਾਮਪੁਰ ਦੇ ਜੇਲ੍ਹ ਸੁਪਰਡੈਂਟ ਨੂੰ ਸੌਂਪੀ ਹੈ। ਇਸ ਵਿਚ ਉਸ ਦੀ ਫਾਂਸੀ ਦੀ ਸਜ਼ਾ ਮੁਆਫ਼ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਆਜ਼ਾਦੀ ਮਗਰੋਂ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਕੈਦੀ ਜਨਾਨੀ ਨੂੰ ਹੋਵੇਗੀ ਫਾਂਸੀ, ਜਾਣੋ ਕਿਉਂ
ਜੇਲ੍ਹ ਸੁਪਰਡੈਂਟ ਪੀ. ਡੀ. ਸਲੋਨੀਆ ਨੇ ਦੱਸਿਆ ਕਿ ਰਾਜਪਾਲ ਤੋਂ ਦਯਾ ਦੀ ਉਮੀਦ ਦਾ ਸ਼ਬਨਮ ਦਾ ਇਹ ਦੂਜਾ ਯਤਨ ਹੈ। ਪਹਿਲਾਂ ਉਸ ਦੀ ਦਯਾ ਪਟੀਸ਼ਨ ਰਾਜਪਾਲ ਦੇ ਪੱਧਰ ਤੋਂ ਖਾਰਿਜ ਹੋ ਚੁੱਕੀ ਹੈ। ਅਮਰੋਹਾ ਦੇ ਜ਼ਿਲ੍ਹਾ ਜੱਜ ਤੋਂ ਡੈੱਥ ਵਾਰੰਟ ਮੰਗਿਆ ਗਿਆ ਹੈ। ਜਿਵੇਂ ਹੀ ਪ੍ਰਾਪਤ ਹੋਵੇਗਾ, ਉਵੇਂ ਹੀ ਸ਼ਬਨਮ ਨੂੰ ਮਥੁਰਾ ਜੇਲ੍ਹ ਭੇਜ ਦਿੱਤਾ ਜਾਵੇਗਾ। ਉੱਤਰ ਪ੍ਰਦੇਸ਼ ਵਿਚ ਸ਼ਬਨਮ ਨੂੰ ਫਾਂਸੀ ਦੇਣ ਦੀ ਵਿਵਸਥਾ ਮਥੁਰਾ ਵਿਚ ਹੀ ਹੈ। ਜੇਲ੍ਹ ਵਿਚ ਸ਼ਬਨਮ ਦਾ ਰਵੱਈਆ ਆਮ ਹੈ। ਉਸ ਨੂੰ ਜੇਲ੍ਹ ਦੀ ਮਹਿਲਾ ਬੈਰਕ ਨੰਬਰ 14 ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੂਰੇ ਪਰਿਵਾਰ ਦਾ ਕਤਲ ਕਰਨ ਵਾਲੀ ਸ਼ਬਨਮ ਦੇ ਪੁੱਤ ਨੇ ਰਾਸ਼ਟਰਪਤੀ ਤੋਂ ਕੀਤੀ ਇਹ ਭਾਵੁਕ ਅਪੀਲ
ਇਹ ਹੈ ਪੂਰਾ ਮਾਮਲਾ
ਮਾਮਲਾ 2008 ਦਾ ਹੈ। ਉੱਤਰ ਪ੍ਰਦੇਸ਼ ਦੇ ਅਮਰੋਹਾ ਵਿਚ ਬਾਵਨਖੇੜੀ ਪਿੰਡ ’ਚ ਮਾਸਟਰ ਸ਼ੌਕਤ ਅਲੀ ਆਪਣੀ ਪਤਨੀ ਹਾਸ਼ਮੀ, ਬੇਟਾ ਅਨੀਸ ਤੇ ਰਾਸ਼ਿਦ, ਨੂੰਹ ਅੰਜੁਮ ਅਤੇ ਇਕਲੌਤੀ ਧੀ ਸ਼ਬਨਮ ਨਾਲ ਰਹਿੰਦੇ ਸਨ। ਪਿਤਾ ਨੇ ਆਪਣੀ ਇਕਲੌਤੀ ਧੀ ਸ਼ਬਨਮ ਨੂੰ ਬਹੁਤ ਹੀ ਲਾਡ-ਪਿਆਰ ਨਾਲ ਪਾਲਿਆ ਸੀ ਅਤੇ ਚੰਗੀ ਸਿੱਖਿਆ ਦਿੱਤੀ ਸੀ। ਸ਼ਬਨਮ ਨੂੰ ਪਿੰਡ ਦੇ 8ਵੀਂ ਪਾਸ ਨੌਜਵਾਨ ਸਲੀਮ ਨਾਲ ਪਿਆਰ ਹੋ ਗਿਆ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ। ਵੱਖ-ਵੱਖ ਜਾਤੀ ਦੇ ਮੁਸਲਿਮ ਹੋਣ ਦੀ ਵਜ੍ਹਾ ਕਰ ਕੇ ਵਿਆਹ ਲਈ ਸ਼ਬਨਮ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ।
14 ਅਪ੍ਰੈਲ 2008 ਦੀ ਰਾਤ ਨੂੰ ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਪਿਤਾ ਮਾਸਟਰ ਸ਼ੌਕਤ ਅਲੀ, ਮਾਂ ਹਾਸ਼ਮੀ, ਭਰਾਵਾਂ- ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਉਸ ਦੀ ਭੈਣ ਰਾਬੀਆ ਨੂੰ ਕੁਹਾੜੀ ਨਾਲ ਵੱਢ ਦਿੱਤਾ ਸੀ। ਸ਼ਬਨਮ ਨੇ ਆਪਣੇ ਭਤੀਜੇ ਅਰਸ਼ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਸ਼ਬਨਮ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਸਲੀਮ ਨਾਲ ਉਸ ਦੇ ਪ੍ਰੇਮ ਸਬੰਧਾਂ ਦੇ ਰਾਹ ਵਿਚ ਰੋੜਾ ਬਣ ਰਹੇ ਸਨ। ਇਸ ਕੇਸ ਦੀ ਸੁਣਵਾਈ ਅਮਰੋਹਾ ਦੀ ਅਦਾਲਤ ’ਚ ਦੋ ਸਾਲ ਤਿੰਨ ਮਹੀਨਿਆਂ ਤੱਕ ਹੋਈ। ਜਿਸ ਤੋਂ ਬਾਅਦ 15 ਜੁਲਾਈ 2010 ਨੂੰ ਜ਼ਿਲ੍ਹਾ ਜੱਜ ਐੱਸ. ਏ. ਏ. ਹੁਸੈਨੀ ਨੇ ਫ਼ੈਸਲਾ ਸੁਣਾਇਆ ਕਿ ਸ਼ਬਨਮ ਅਤੇ ਸਲੀਮ ਨੂੰ ਫਾਂਸੀ ਦਿੱਤੀ ਜਾਵੇ। ਇਸ ਕਤਲੇਆਮ ਦੀ ਵਜ੍ਹਾ ਕਰਕੇ ਬਾਵਨਖੇੜੀ ਪਿੰਡ ਕਈ ਮਹੀਨਿਆਂ ਤੱਕ ਦੇਸ਼ ’ਚ ਸੁਰਖੀਆਂ ਵਿਚ ਰਿਹਾ। ਇਕਲੌਤੀ ਧੀ ਵਲੋਂ ਖੂਨੀ ਖੇਡ ਖੇਡਾਂ ਦਾ ਮੰਜ਼ਰ ਵੇਖ ਕੇ ਪਿੰਡ ਦੇ ਲੋਕਾਂ ਨੂੰ ਸ਼ਬਨਮ ਤੋਂ ਇੰਨੀ ਨਫ਼ਰਤ ਹੋ ਗਈ ਕਿ ਹੁਣ ਇਸ ਪਿੰਡ ’ਚ ਕੋਈ ਵੀ ਆਪਣੀ ਧੀ ਦਾ ਨਾਂ ਸ਼ਬਨਮ ਰੱਖਣਾ ਪਸੰਦ ਨਹੀਂ ਕਰਦਾ।
ਇਹ ਵੀ ਪੜ੍ਹੋ : ਪਿਆਰ ’ਚ ਪਾਗਲ ‘ਸ਼ਬਨਮ’ ਨੇ ਕੁਹਾੜੀ ਨਾਲ ਕਤਲ ਕੀਤੇ ਸਨ 7 ਪਰਿਵਾਰਕ ਮੈਂਬਰ, ਹੁਣ ਹੋਵੇਗੀ ਫਾਂਸੀ