ਅੰਡਰਗਾਰਮੈਂਟ ਹਟਾਏ ਬਿਨਾਂ ਸੈਕਸ ਸ਼ੋਸ਼ਣ ਵੀ ਜਬਰ-ਜ਼ਨਾਹ ਮੰਨਿਆ ਜਾਵੇਗਾ: ਮੇਘਾਲਿਆ ਹਾਈ ਕੋਰਟ
Friday, Mar 18, 2022 - 11:13 AM (IST)
ਸ਼ਿਲਾਂਗ– ਮੇਘਾਲਿਆ ਹਾਈ ਕੋਰਟ ਨੇ ਆਪਣੇ ਇਕ ਫੈਸਲੇ ਵਿਚ ਕਿਹਾ ਹੈ ਕਿ ਕਿਸੇ ਮਹਿਲਾ ਦੇ ਅੰਡਰਗਾਰਮੈਂਟ ਦੇ ਉਪਰੋਂ ਵੀ ਉਸ ਦਾ ਸੈਕਸ ਸ਼ੋਸ਼ਣ ਕਰਨਾ ਜਬਰ-ਜ਼ਨਾਹ ਮੰਨਿਆ ਜਾਵੇਗਾ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਈ ਕੋਰਟ ਨੇ ਕਿਹਾ ਕਿ ਆਈ. ਪੀ. ਸੀ. ਦੀ ਧਾਰਾ 375 (ਬੀ) ਇਹ ਕਹਿੰਦੀ ਹੈ ਕਿ ਮਹਿਲਾ ਨਾਲ ਅੰਡਰਗਾਰਮੈਂਟ ਉਤਾਰ ਕੇ ਸੈਕਸ ਕਰਨਾ ਜਬਰ-ਜ਼ਨਾਹ ਮੰਨਿਆ ਜਾਵੇਗਾ। ਹਾਈ ਕੋਰਟ ਦੀ ਬੈਂਚ ਨੇ ਇਕ ਹਾਲ ਹੀ ਦੇ ਫੈਸਲੇ ਵਿਚ ਕਿਹਾ ਕਿ ਜੇਕਰ ਇਹ ਸਵੀਕਾਰ ਕਰ ਲਿਆ ਜਾਵੇ ਕਿ ਪਟੀਸ਼ਨਕਰਤਾ ਨੇ ਪੀੜਤਾ ਦੇ ਅੰਡਰਗਾਰਮੈਂਟ ਪਹਿਨਣ ਦੇ ਬਾਵਜੂਦ ਇਹ ਕਾਰਾ ਕੀਤਾ ਹੈ ਤਾਂ ਵੀ ਇਹ ਧਾਰਾ 375 (ਬੀ) ਤਹਿਤ ਅਪਰਾਧ ਦੀ ਸ਼੍ਰੇਣੀ ਵਿਚ ਆਵੇਗਾ।
ਬੈਂਚ 2006 ਦੇ ਇਕ ਮਾਮਲੇ ਵਿਚ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਇਸ ਮਾਮਲੇ ਵਿਚ ਦੋਸ਼ੀ ਨੂੰ ਹੇਠਲੀ ਅਦਾਲਤ ਨੇ 10 ਸਾਲਾ ਇਕ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ੀ ਪਾਇਆ ਸੀ। ਅਦਾਲਤ ਨੇ ਦੋਸ਼ੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ’ਤੇ 25000 ਰੁਪਏ ਦਾ ਜੁਰਮਾਨਾ ਵੀ ਲਾਇਆ ਸੀ।