ਨਮਾਜ਼ ਪਿੱਛੋਂ ਵਿਖਾਵਿਆਂ ਤੋਂ ਬਚਣ ਲਈ ਸ਼੍ਰੀਨਗਰ ’ਚ ਕਈ ਥਾਈਂ ਕਰਫਿਊ ਮੁੜ ਲਾਗੂ
Friday, Sep 06, 2019 - 08:58 PM (IST)

ਸ਼੍ਰੀਨਗਰ – ਸ਼ੁੱਕਰਵਾਰ ਨੂੰ ਨਮਾਜ਼ ਤੋਂ ਬਾਅਦ ਹੋਣ ਵਾਲੇ ਵਿਖਾਵਿਆਂ ਤੋਂ ਬਚਣ ਲਈ ਪ੍ਰਸ਼ਾਸਨ ਨੇ ਸ਼੍ਰੀਨਗਰ ਸ਼ਹਿਰ ਦੇ ਕਈ ਹਿੱਸਿਆਂ ਵਿਚ ਮੁੜ ਕਰਫਿਊ ਲਾ ਦਿੱਤਾ । ਇਸ ਦੇ ਨਾਲ ਹੀ ਵਾਦੀ ਦੇ ਕਈ ਹਿੱਸਿਆਂ ’ਚ ਪਾਬੰਦੀਆਂ ਵੀ ਮੁੜ ਤੋਂ ਲਾਗੂ ਕਰ ਦਿੱਤੀਆਂ ਗਈਆਂ। ਅਧਿਕਾਰੀ ਹਰ ਸ਼ੁੱਕਰਵਾਰ ਵਾਦੀ ਦੇ ਨਾਜ਼ੁਕ ਇਲਾਕਿਆਂ ਵਿਚ ਹਾਲਾਤ ਮੁਤਾਬਕ ਪਾਬੰਦੀਆਂ ਲਾਗੂ ਕਰਦੇ ਹਨ। ਅਧਿਕਾਰੀਆਂ ਨੇ ਦੱਿਸਆ ਕਿ ਸ਼੍ਰੀਨਗਰ ਦੇ ਬਾਜ਼ਾਰ ਅਤੇ ਵਪਾਰਕ ਅਦਾਰੇ ਸ਼ੁੱਕਰਵਾਰ ਬੰਦ ਰਹੇ। ਸੜਕਾਂ ’ਤੇ ਮੋਟਰ ਗੱਡੀਆਂ ਦੀ ਆਵਾਜਾਈ ਵੀ ਨਹੀਂ ਸੀ।
ਇਸ ਦੌਰਾਨ ਵਾਦੀ ਦੀਆਂ ਸਭ ਟੈਲੀਫੋਨ ਐਕਸਚੇਂਜਾਂ ਤੋਂ ਲੈਂਡਲਾਈਨ ਫੋਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਬੰਦ ਦੇ 33ਵੇਂ ਦਿਨ ਕਸ਼ਮੀਰ ਵਾਦੀ ਵਿਚ ਆਮ ਜ਼ਿੰਦਗੀ ਉਥਲ-ਪੁਥਲ ਹੋਈ ਰਹੀ। ਰਾਜਧਾਨੀ ਸ਼੍ਰੀਨਗਰ ਦੇ ਸ਼ਹਿਰ-ਏ-ਖਾਸ ਇਲਾਕੇ ਵਿਚ ਸ਼ੁੱਕਰਵਾਰ ਦੀ ਨਮਾਜ਼ ਪਿੱਛੋਂ ਕਰਫਿਊ ਲਾਗੂ ਕਰ ਦਿੱਤਾ ਗਿਆ। ਬੀ. ਐੱਸ. ਐੱਨ.ਐੱਲ. ਸਮੇਤ ਸਭ ਸੈਲੂਲਰ ਕੰਪਨੀਆਂ ਦੀਆਂ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਬਾਰਾਮੂਲਾ ਤੋਂ ਜੰਮੂ ਅਤੇ ਬਨਿਹਾਲ ਦਰਮਿਆਨ ਚੱਲਣ ਵਾਲੀ ਟਰੇਨ ਸੇਵਾ 5 ਅਗਸਤ ਤੋਂ ਹੀ ਬੰਦ ਹੈ।