ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਕਈ ਬੱਚੇ ਮਲਬੇ ਹੇਠ ਦੱਬ, ਰੈਸਕਿਊ ਜਾਰੀ
Friday, Jul 25, 2025 - 09:47 AM (IST)

ਨੈਸ਼ਨਲ ਡੈਸਕ : ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ। ਭਾਰੀ ਬਾਰਿਸ਼ ਕਾਰਨ ਮਨੋਹਰਥਾਨਾ ਖੇਤਰ ਦੇ ਪਿਪਲੋਡੀ ਪਿੰਡ 'ਚ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੀ ਛੱਤ ਅਚਾਨਕ ਡਿੱਗ ਗਈ। ਸਕੂਲ 'ਚ ਪੜ੍ਹ ਰਹੇ ਦਰਜਨਾਂ ਵਿਦਿਆਰਥੀ ਮਲਬੇ ਹੇਠ ਦੱਬ ਗਏ। ਸਥਾਨਕ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਘਟਨਾ ਸਮੇਂ ਕਲਾਸ 'ਚ ਪੰਜਾਹ ਤੋਂ ਵੱਧ ਵਿਦਿਆਰਥੀ ਮੌਜੂਦ ਸਨ। ਛੱਤ ਡਿੱਗਦੇ ਹੀ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ ਅਤੇ ਚੀਕਾਂ ਮਾਰਨ ਲੱਗ ਪਈਆਂ। ਤੁਰੰਤ ਪਿੰਡ ਵਾਸੀਆਂ ਅਤੇ ਅਧਿਆਪਕਾਂ ਨੇ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਨਿੱਜੀ ਵਾਹਨਾਂ ਵਿੱਚ ਮਨੋਹਰਥਾਨਾ ਦੇ ਸੀਐੱਚਸੀ ਹਸਪਤਾਲ ਪਹੁੰਚਾਇਆ।
ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜੇਸੀਬੀ ਮਸ਼ੀਨ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਅਤੇ ਕਈ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਨੇ ਜ਼ਖਮੀ ਵਿਦਿਆਰਥੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਜਦਕਿ ਸਕੂਲ ਦੀ ਇਮਾਰਤ ਦੀ ਖਸਤਾ ਹਾਲਤ 'ਤੇ ਸਵਾਲ ਉਠਾਏ ਜਾ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸਕੂਲ ਦੀ ਇਮਾਰਤ ਬਹੁਤ ਪੁਰਾਣੀ ਸੀ ਤੇ ਪਹਿਲਾਂ ਵੀ ਬਾਰਿਸ਼ਾਂ ਦੌਰਾਨ ਪਾਣੀ ਦੇ ਰਿਸਾਅ ਦੀਆਂ ਸ਼ਿਕਾਇਤਾਂ ਆਈਆਂ ਸਨ। ਫਿਲਹਾਲ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਹ ਹਾਦਸਾ ਇੱਕ ਵਾਰ ਫਿਰ ਸਰਕਾਰੀ ਸਕੂਲਾਂ ਦੀ ਖਸਤਾ ਹਾਲਤ 'ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਅਜਿਹੇ ਹਾਦਸੇ ਸੂਬੇ 'ਚ ਪਹਿਲਾਂ ਵੀ ਵਾਪਰ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e