ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣਗੇ ਸੁਰੱਖਿਆ ਫੋਰਸਾਂ ਦੇ ਜਵਾਨ : ਸ਼ਾਹ

Sunday, Oct 05, 2025 - 12:16 AM (IST)

ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣਗੇ ਸੁਰੱਖਿਆ ਫੋਰਸਾਂ ਦੇ ਜਵਾਨ : ਸ਼ਾਹ

ਜਗਦਲਪੁਰ (ਅਨਸ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਕਸਲੀਆਂ ਨਾਲ ਗੱਲਬਾਤ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਸ਼ਨੀਵਾਰ ਉਨ੍ਹਾਂ ਨੂੰ ਆਤਮਸਮਰਪਣ ਕਰਨ ਤੇ ਬਸਤਰ ਦੇ ਵਿਕਾਸ ’ਚ ਹਿੱਸਾ ਲੈਣ ਦੀ ਅਪੀਲ ਕੀਤੀ। ਬਸਤਰ ਦੁਸਹਿਰਾ ਲੋਕ ਉਤਸਵ 2025 ਤੇ ਜਗਦਲਪੁਰ ਦੀ ਲਾਲਬਾਗ ਪਰੇਡ ਗਰਾਊਂਡ ’ਚ ਆਯੋਜਿਤ ‘ਸਵਦੇਸ਼ੀ ਮੇਲੇ’ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਇਕ ਵਾਰ ਫਿਰ 31 ਮਾਰਚ, 2026 ਤੱਕ ਦੇਸ਼ ’ਚੋਂ ਨਕਸਲਵਾਦ ਨੂੰ ਖਤਮ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਦੇ ਜਵਾਨ ਹਥਿਆਰਾਂ ਦੀ ਮਦਦ ਨਾਲ ਬਸਤਰ ਜਾਂ ਕਿਸੇ ਵੀ ਹੋਰ ਥਾਂ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣਗੇ। ਬਸਤਰ ਖੇਤਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਮੈਂ ਸਾਰੇ ਕਬਾਇਲੀ ਭਰਾਵਾਂ ਤੇ ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਪਿੰਡਾਂ ਦੇ ਨੌਜਵਾਨਾਂ ਨੂੰ ਹਥਿਆਰ ਸੁੱਟਣ ਲਈ ਮਨਾਉਣ। ਉਨ੍ਹਾਂ ਨੂੰ ਹਥਿਆਰ ਸੁੱਟ ਕੇ ਮੁੱਖ ਧਾਰਾ ’ਚ ਸ਼ਾਮਲ ਹੋਣਾ ਚਾਹੀਦਾ ਹੈ । ਨਾਲ ਹੀ ਬਸਤਰ ਦੇ ਵਿਕਾਸ ’ਚ ਹਿੱਸਾ ਪਾਉਣਾ ਚਾਹੀਦਾ ਹੈ। ਜੇ ਕੋਈ ਹਥਿਆਰਾਂ ਦੇ ਜ਼ੋਰ ’ਤੇ ਬਸਤਰ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਾਡੇ ਜਵਾਨ ਉਸ ਦਾ ਮੂੰਹ-ਤੋੜ ਜਵਾਬ ਦੇਣਗੇ। 31 ਮਾਰਚ 2026 ਇਸ ਦੇਸ਼ ’ਚੋਂ ਨਕਸਲਵਾਦ ਨੂੰ ਖਤਮ ਕਰਨ ਲਈ ਤੈਅ ਮਿਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਨਕਸਲਵਾਦ ਨੂੰ ਬਸਤਰ ਦੇ ਵਿਕਾਸ ’ਚ ਸਭ ਤੋਂ ਵੱਡੀ ਰੁਕਾਵਟ ਦੱਸਿਆ ਤੇ ਭਰੋਸਾ ਪ੍ਰਗਟ ਕੀਤਾ ਕਿ ਅਗਲੇ ਸਾਲ ਤੱਕ ਇਹ ਸਮੱਸਿਆ ਖਤਮ ਹੋ ਜਾਵੇਗੀ।


author

Hardeep Kumar

Content Editor

Related News