ਸੁਰੱਖਿਆ ਬਲਾਂ ਵਲੋਂ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
Thursday, Jan 23, 2025 - 05:17 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਉਪ-ਜ਼ਿਲ੍ਹੇ ਅਵੰਤੀਪੋਰਾ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ ਅਤੇ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ IED ਬਣਾਉਣ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦੀ ਰਾਸ਼ਟਰੀ ਰਾਈਫਲਜ਼ (42 ਆਰ. ਆਰ) ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੀ 130 ਬਟਾਲੀਅਨ ਦੇ ਨਾਲ ਪੁਲਸ ਦੀ ਇਕ ਸਾਂਝੀ ਟੀਮ ਨੇ ਅਵੰਤੀਪੋਰਾ ਦੇ ਲਾਰਮੁਹ ਵਿਖੇ ਇਕ ਸਰਕਾਰੀ ਸਕੂਲ ਵਿਚ ਲੁਕੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ।
ਪੁਲਸ ਨੇ ਦੱਸਿਆ ਕਿ ਇਕ ਖਾਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੰਯੁਕਤ ਬਲਾਂ ਨੇ ਲਾਰਮੁਹ 'ਚ ਤਲਾਸ਼ੀ ਮੁਹਿੰਮ ਚਲਾਈ ਅਤੇ ਕਾਰਵਾਈ ਦੌਰਾਨ ਇਸ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇਕ ਗ੍ਰਨੇਡ, ਯੂ.ਬੀ.ਜੀ.ਐੱਲ., ਪਿਸਤੌਲ ਮੈਗਜ਼ੀਨ, ਕੁਝ ਰਾਉਂਡ, ਇਕ ਇਲੈਕਟ੍ਰਿਕ ਡੈਟੋਨੇਟਰ, ਚਾਰ ਨਾਨ-ਇਲੈਕਟ੍ਰਿਕ ਡੈਟੋਨੇਟਰ, ਇਕ ਪੀ.ਟੀ.ਡੀ. ਸਵਿੱਚ, ਇਕ ਨਾਰਮਲ ਸਵਿੱਚ, 10 ਮੀਟਰ ਸੇਫਟੀ ਫਿਊਜ਼ ਤਾਰ, ਦੋ 9ਵੀ ਬੈਟਰੀਆਂ (IED ਬਣਾਉਣ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ), ਇਕ ਡਾਟਾ ਕੇਬਲ, ਦੋ ਰੋਲ ਅਤੇ ਬਾਲਟੀ ਸਮੇਤ ਇਤਰਾਜ਼ਯੋਗ ਸਮੱਗਰੀ ਟਿਕਾਣੇ ਤੋਂ ਬਰਾਮਦ ਕੀਤੀ ਗਈ।