ਰਾਜੌਰੀ ''ਚ ਸੁਰੱਖਿਆ ਬਲਾਂ ਨੇ ਐਨਕਾਊਂਟਰ ਦੌਰਾਨ 2 ਅੱਤਵਾਦੀ ਕੀਤੇ ਢੇਰ, ਘੁਸਪੈਠ ਦੀ ਕੋਸ਼ਿਸ਼ ਨਾਕਾਮ
Tuesday, Sep 10, 2024 - 04:20 AM (IST)
ਜੰਮੂ : ਜੰਮੂ ਦੇ ਰਾਜੌਰੀ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੂੰ ਮਾਰ ਮੁਕਾਇਆ। ਫ਼ੌਜ ਅਤੇ ਐੱਸਓਜੀ ਟੀਮ ਨੂੰ ਐਤਵਾਰ ਰਾਤ ਨੂੰ ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਚਾਰੋਂ ਪਾਸਿਓਂ ਘੇਰੇ ਜਾਣ ਤੋਂ ਬਾਅਦ ਅੱਤਵਾਦੀਆਂ ਨੇ ਰਾਤ ਭਰ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ 'ਚ ਉਨ੍ਹਾਂ ਨੂੰ ਮਾਰ ਦਿੱਤਾ।
ਜੰਮੂ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਦੋਵੇਂ ਅੱਤਵਾਦੀ ਸੋਮਵਾਰ ਨੂੰ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨੇੜੇ ਹੋਏ ਮੁਕਾਬਲੇ 'ਚ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰੀ ਹਥਿਆਰ ਬਰਾਮਦ ਕੀਤੇ ਗਏ ਹਨ।
ਨਿਊਜ਼ ਏਜੰਸੀ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਦੇ ਲਾਮ ਇਲਾਕੇ 'ਚ ਐਤਵਾਰ ਦੇਰ ਰਾਤ ਚੌਕਸ ਜਵਾਨਾਂ ਨੇ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਕੇ ਇਸ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਦੇਖਿਆ, ਜਿਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : Vande Bharat Train: ਪੱਥਰਬਾਜ਼ੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਰੇਲਵੇ ਨੇ ਚੁੱਕਿਆ ਵੱਡਾ ਕਦਮ
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜੋ ਤਿੰਨ ਪੜਾਵਾਂ 'ਚ ਹੋਣਗੀਆਂ। ਇਸ ਕਾਰਨ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਇਸ ਮੁਕਾਬਲੇ ਬਾਰੇ ਫੌਜ ਦੇ ਪੀਆਰਓ ਲੈਫਟੀਨੈਂਟ ਕਰਨਲ ਸੁਨੀਲ ਬਾਰਟਵਾਲ ਨੇ ਕਿਹਾ, ਜੰਮੂ-ਕਸ਼ਮੀਰ ਪੁਲਸ ਦੇ ਨਾਲ ਸਾਂਝੇ ਆਪਰੇਸ਼ਨ ਵਿਚ ਫੌਜ ਨੇ ਨੌਸ਼ਹਿਰਾ ਸੈਕਟਰ ਵਿਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।
ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ
ਉਨ੍ਹਾਂ ਦੱਸਿਆ ਕਿ 30 ਅਗਸਤ ਤੋਂ ਬਾਅਦ ਨੌਸ਼ਹਿਰਾ ਸੈਕਟਰ ਦੇ ਆਸਪਾਸ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਘੁਸਪੈਠ ਦੇ ਸਾਰੇ ਸੰਭਾਵੀ ਰਸਤਿਆਂ 'ਤੇ ਨਜ਼ਰ ਰੱਖੀ ਗਈ। ਅਧਿਕਾਰੀ ਨੇ ਦੱਸਿਆ ਕਿ ਖੇਤਰ 'ਤੇ ਜ਼ਮੀਨ ਅਤੇ ਆਸਮਾਨ ਤੋਂ ਨਜ਼ਰ ਰੱਖੀ ਜਾ ਰਹੀ ਹੈ। ਪੀਆਰਓ ਨੇ ਕਿਹਾ ਕਿ ਇਲਾਕੇ ਵਿਚ ਸਖ਼ਤ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਅੱਤਵਾਦੀ ਘੁਸਪੈਠ ਨੂੰ ਰੋਕਣ ਲਈ ਮੁੱਖ ਖੇਤਰਾਂ ਵਿਚ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 8 ਸਤੰਬਰ ਨੂੰ ਸ਼ਾਮ 7.30 ਵਜੇ ਦੇ ਕਰੀਬ ਨਿਗਰਾਨੀ ਟੀਮਾਂ ਨੇ ਇਲਾਕੇ 'ਚ ਕੁਝ ਲੋਕਾਂ ਦੀਆਂ ਸ਼ੱਕੀ ਗਤੀਵਿਧੀਆਂ ਦਾ ਪਤਾ ਲਗਾਇਆ ਸੀ, ਜਿਸ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਪੂਰੀ ਰਾਤ ਹੁੰਦੀ ਰਹੀ ਗੋਲੀਬਾਰੀ
ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਅੱਤਵਾਦੀਆਂ ਦਾ ਪਤਾ ਲੱਗਾ ਤਾਂ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ ਜੋ ਪੂਰੀ ਰਾਤ ਜਾਰੀ ਰਹੀ। ਅੱਤਵਾਦੀਆਂ 'ਤੇ ਨਜ਼ਰ ਰੱਖਣ ਲਈ ਯੂਏਵੀ, ਨਾਈਟ ਵਿਜ਼ਨ ਕੈਮਰੇ ਅਤੇ ਹੋਰ ਨਿਗਰਾਨੀ ਉਪਕਰਣਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਆਖਰਕਾਰ ਜਵਾਨਾਂ ਨੇ ਗੋਲੀਬਾਰੀ 'ਚ ਦੋਵੇਂ ਅੱਤਵਾਦੀਆਂ ਨੂੰ ਮਾਰ ਮੁਕਾਉਣ 'ਚ ਸਫਲਤਾ ਹਾਸਲ ਕੀਤੀ। ਲੈਫਟੀਨੈਂਟ ਕਰਨਲ ਬਾਰਟਵਾਲ ਨੇ ਦੱਸਿਆ ਕਿ ਇਸ ਤੋਂ ਬਾਅਦ ਕਿਸੇ ਹੋਰ ਖਤਰੇ ਨਾਲ ਨਜਿੱਠਣ ਲਈ 9 ਸਤੰਬਰ ਦੀ ਸਵੇਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ 2 ਏਕੇ-47 ਰਾਈਫਲਾਂ, ਐੱਮ-4 ਰਾਈਫਲਾਂ ਅਤੇ ਇਕ ਪਿਸਤੌਲ ਸਮੇਤ ਜੰਗੀ ਸਾਮਾਨ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8