ਸ਼੍ਰੀਨਗਰ ’ਚ ਸੁਰੱਖਿਆ ਫੋਰਸਾਂ ਨੇ ਵੱਡੀ ਅੱਤਵਾਦੀ ਘਟਨਾ ਨੂੰ ਕੀਤਾ ਨਾਕਾਮ
Wednesday, Mar 23, 2022 - 10:56 PM (IST)
ਸ਼੍ਰੀਨਗਰ (ਅਰੀਜ਼)- ਸੁਰੱਖਿਆ ਫੋਰਸਾਂ ਨੇ ਬੁੱਧਵਾਰ ਇਕ ਨਾਕੇ ਦੌਰਾਨ ਸ਼੍ਰੀਨਗਰ ਦੇ ਬੇਮਿਨਾ ਇਲਾਕੇ ’ਚ ਗ੍ਰੇਨੇਡ ਹਮਲਾ ਕਰਨ ਜਾ ਰਹੇ ਲਸ਼ਕਰ ਦੇ ਇਕ ਮਦਦਗਾਰ ਨੂੰ ਗ੍ਰਿਫਤਾਰ ਕਰ ਕੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਨਾਕਾਮ ਕਰ ਦਿੱਤਾ।
ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਮਦਾਨੀਆ ਕਾਲੋਨੀ ਵੱਲ ਜਾ ਰਹੇ ਜੁਬੈਰ ਅਲਤਾਫ ਸ਼ੇਖ ਪੁੱਤਰ ਮੁਹੰਮਦ ਅਲਤਾਫ ਸ਼ੇਖ ਵਾਸੀ 90 ਫੀਟ ਸੌਵਰਾ, ਸ਼੍ਰੀਨਗਰ ਨੂੰ ਬੇਮਿਨਾ ਚੌਂਕ ਵਿਖੇ ਇਕ ਨਾਕੇ ’ਤੇ ਰੋਕਿਆ ਗਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਚੀਨੀ ਗ੍ਰੇਨੇਡ ਮਿਲਿਆ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ। ਮੁਲਜ਼ਮ ਵਲੋਂ ਕੀਤੇ ਗਏ ਖੁਲਾਸੇ ਪਿਛੋਂ ਇਕ ਹੋਰ ਓਵਰ ਗਰਾਊਂਡ ਵਰਕਰ ਸ਼ਮੀਮ ਅਹਿਮਦ ਚਿੱਲੂ ਪੁੱਤਰ ਅਬਦੁਲ ਕਰੀਮ ਚਿੱਲੂ ਵਾਸੀ ਟੰਕੀਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਖੁਲਾਸੇ ਪਿਛੋਂ ਦੋ ਹੋਰ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੀ ਪਛਾਣ ਆਮਿਰ ਰਹਿਮਾਨ ਪੁੱਤਰ ਅਬਦੁਲ ਰਹਿਮਾਨ ਵਾਸੀ ਟੈਂਗਪੋਰਾ ਬਾਈਪਾਸ ਅਤੇ ਸ਼ਾਹਿਦ ਅਹਿਮਦ ਪੁੱਤਰ ਗੁਲਜ਼ਾਰ ਅਹਿਮਦ ਵਾਸੀ ਡਾਂਗਰਪੋਰਾ, ਨੌਗਾਮ ਵਜੋਂ ਹੋਈ ਹੈ। ਇੰਝ ਕੁਲ 4 ਮਦਦਗਾਰ ਗ੍ਰਿਫਤਾਰ ਕੀਤੇ ਗਏ। ਜਾਂਚ ਦੌਰਾਨ ਪਤਾ ਲੱਗਾ ਕਿ ਗ੍ਰਿਫਤਾਰ ਮੁਲਜ਼ਮ ਲਸ਼ਕਰ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ।
ਇਹ ਖ਼ਬਰ ਪੜ੍ਹੋ- PAK v AUS : ਪਾਕਿ 268 ਦੌੜਾਂ 'ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ
ਸ਼੍ਰੀਨਗਰ ’ਚ ਗ੍ਰੇਨੇਡ ਹਮਲਾ, ਦੋ ਪੁਲਸ ਮੁਲਾਜ਼ਮ ਜ਼ਖਮੀ
ਕੇਂਦਰੀ ਕਸ਼ਮੀਰ ’ਚ ਸ਼੍ਰੀਨਗਰ ਜ਼ਿਲੇ ਦੇ ਰੈਨਾਵਾਰੀ ਇਲਾਕੇ ’ਚ ਬੁੱਧਵਾਰ ਰਾਤ ਕੁਝ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੇ ਜਵਾਨਾਂ ’ਤੇ ਗ੍ਰੇਨੇਡ ਸੁੱਟਿਆ ਜਿਸ ਕਾਰਨ ਦੋ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਇਕ ਨਾਕਾ ਪਾਰਟੀ ’ਤੇ ਗ੍ਰੇਨੇਡ ਸੁੱਟਿਆ। ਇਸ ਹਮਲੇ ’ਚ ਜ਼ਖਮੀ ਹੋਏ ਪੁਲਸ ਮੁਲਾਜ਼ਮਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਣ ਲਈ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।