ਕੁਪਵਾੜਾ ’ਚ ਅੱਤਵਾਦੀ ਟਿਕਾਣਾ ਬੇਨਕਾਬ, ਹਥਿਆਰਾਂ ਦਾ ਭੰਡਾਰ ਬਰਾਮਦ

Friday, Nov 21, 2025 - 09:42 PM (IST)

ਕੁਪਵਾੜਾ ’ਚ ਅੱਤਵਾਦੀ ਟਿਕਾਣਾ ਬੇਨਕਾਬ, ਹਥਿਆਰਾਂ ਦਾ ਭੰਡਾਰ ਬਰਾਮਦ

ਕੁਪਵਾੜਾ/ਜੰਮੂ, (ਉਦੇ)- ਸੁਰੱਖਿਆ ਫੋਰਸਾਂ ਨੇ ਕੁਪਵਾੜਾ ਜ਼ਿਲੇ ਦੇ ਨੌਗਾਮ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਨੀਰੀਅਨ ਜੰਗਲੀ ਖੇਤਰ ’ਚ ਇਕ ਅੱਤਵਾਦੀ ਟਿਕਾਣੇ ਨੂੰ ਬੇਨਕਾਬ ਕਰ ਕੇ ਹਥਿਆਰਾਂ ਤੇ ਗੋਲਾ-ਬਾਰੂਦ ਦਾ ਭੰਡਾਰ ਬਰਾਮਦ ਕੀਤਾ ਹੈ।

ਅਧਿਕਾਰੀਆਂ ਨੇ ਸ਼ੁੱਕਰਵਾਰ ਦੱਸਿਆ ਕਿ ਇਕ ਸੂਚਨਾ ਦੇ ਆਧਾਰ ’ਤੇ ਫੌਜ, ਜੰਮੂ-ਕਸ਼ਮੀਰ ਪੁਲਸ ਤੇ ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਇਕ ਸਾਂਝੀ ਟੀਮ ਨੇ ਸੰਘਣੇ ਜੰਗਲ ’ਚ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ। ਉੱਥੇ ਅੱਤਵਾਦੀਆਂ ਵੱਲੋਂ ਟਿਕਾਣਾ ਸਥਾਪਤ ਕੀਤੇ ਜਾਣ ਦੀ ਖਬਰ ਸੀ।

ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੇ 4 ਮੈਗਜ਼ੀਨਾਂ ਵਾਲੀਆਂ ਐੱਮ-ਸੀਰੀਜ਼ ਦੀਆਂ 2 ਰਾਈਫਲਾਂ, 3 ਮੈਗਜ਼ੀਨਾਂ ਵਾਲੀਆਂ 2 ਚੀਨੀ ਪਿਸਤੌਲਾਂ, 2 ਹੈਂਡ ਗ੍ਰਨੇਡ ਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਸੂਤਰਾਂ ਨੇ ਕਿਹਾ ਕਿ ਇਹ ਬਰਾਮਗੀ ਦਰਸਾਉਂਦੀ ਹੈ ਕਿ ਸਰਹੱਦ ਪਾਰ ਤੋਂ ਹੈਂਡਲਰ ਖੇਤਰ ’ਚ ਅੱਤਵਾਦੀ ਸਰਗਰਮੀਆਂ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲੁਕਣ ਵਾਲੀ ਥਾਂ ਦੀ ਵਰਤੋਂ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਜਾਪਦੀ ਹੈ। ਆਲੇ ਦੁਆਲੇ ਦੇ ਜੰਗਲੀ ਖੇਤਰ ’ਚ ਸ਼ੁੱਕਰਵਾਰ ਦੇਰ ਰਾਤ ਤੱਕ ਤਲਾਸ਼ੀਆਂ ਦੀ ਮੁਹਿੰਮ ਜਾਰੀ ਸੀ।

ਅਧਿਕਾਰੀਆਂ ਨੇ ਕਿਹਾ ਕਿ ਇਸ ਬਰਾਮਦਗੀ ਨਾਲ ਇਲਾਕੇ ’ਚ ਸੰਭਾਵੀ ਅੱਤਵਾਦੀ ਹਮਲੇ ਨੂੰ ਟਾਲ ਦਿੱਤਾ ਗਿਅਾ ਹੈ। ਹੋਰ ਖੇਤਰਾਂ ’ਚ ਅੱਤਵਾਦ ਵਿਰੋਧੀ ਕਾਰਵਾਈਆਂ ਤੇਜ਼ ਹੋਣਗੀਆਂ। ਧਿਆਨ ਦੇਣ ਯੋਗ ਹੈ ਕਿ ਜੰਮੂ ਡਿਵੀਜ਼ਨ ’ਚ ਮਾਰੇ ਗਏ ਕੁਝ ਅੱਤਵਾਦੀਆਂ ਤੋਂ ਐੱਮ-4 ਸੀਰੀਜ਼ ਦੀਆਂ ਰਾਈਫਲਾਂ ਜੋ ਸਟੀਕ ਨਿਸ਼ਾਨਾ ਲਾਉਣ ਦੇ ਸਮਰੱਥ ਹਨ, ਵੀ ਬਰਾਮਦ ਕੀਤੀਆਂ ਗਈਆਂ ਹਨ।


author

Rakesh

Content Editor

Related News