ਉਮਰ ਦੀ ਨਵੀਂ ਤਸਵੀਰ ਸਾਹਮਣੇ ਆਈ, ਮਮਤਾ ਨੇ ਸਥਿਤੀ ਨੂੰ ਮੰਦਭਾਗਾ ਦੱਸਿਆ

01/26/2020 2:21:22 AM

ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅੱਧ ਚਿੱਟੀ ਦਾੜ੍ਹੀ ਵਿਚ ਇਕ ਤਸਵੀਰ ਸ਼ਨੀਵਾਰ ਨੂੰ ਟਵਿੱਟਰ ’ਤੇ ਸਾਹਮਣੇ ਆਈ, ਜਿਸ ਵਿਚ ਉਨ੍ਹਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਣੇ ਕਈ ਨੇਤਾਵਾਂ ਨੇ ਇਸ ਤਸਵੀਰ ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਅਬਦੁੱਲਾ ਜੰਮੂ-ਕਸ਼ਮੀਰ ਦੇ 3 ਸਾਬਕਾ ਮੁੱਖ ਮੰਤਰੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ ਸਾਲ 5 ਅਗਸਤ ਨੂੰ ਆਰਟੀਕਲ-370 ਦੀਆਂ ਜ਼ਿਆਦਾਤਰ ਵਿਵਸਥਾਵਾਂ ਹਟਾਉਣ ਅਤੇ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਹਿਰਾਸਤ ਵਿਚ ਰੱਖਿਆ ਗਿਆ ਹੈ।

ਇਸ ਤਸਵੀਰ ਵਿਚ ਉਮਰ ਨੇ ਨੀਲੇ ਰੰਗ ਦੀ ਜੈਕਟ ਪਾਈ ਹੋਈ ਹੈ, ਜਿਸ ’ਤੇ ਬਰਫ ਪਈ ਹੋਈ ਹੈ। ਕਾਲੀ-ਚਿੱਟੀ ਦਾੜ੍ਹੀ ਵਿਚ ਨਜ਼ਰ ਆ ਰਹੇ ਅਬਦੁੱਲਾ ਹੱਸ ਰਹੇ ਹਨ। ਮਮਤਾ ਬੈਨਰਜੀ ਨੇ ਟਵੀਟ ਕੀਤਾ,‘‘ਮੈਂ ਇਸ ਤਸਵੀਰ ਵਿਚ ਉਮਰ ਨੂੰ ਨਹੀਂ ਪਛਾਣ ਸਕੀ। ਮੈਨੂੰ ਦੁੱਖ ਹੋ ਰਿਹਾ ਹੈ। ਮੰਦਭਾਗਾ ਹੈ ਇਹ ਸਾਡੇ ਲੋਕਤੰਤਰਿਕ ਦੇਸ਼ ਵਿਚ ਹੋ ਰਿਹਾ ਹੈ। ਇਹ ਕਦੋਂ ਖਤਮ ਹੋਵੇਗਾ।’’

ਕਾਂਗਰਸੀ ਨੇਤਾ ਮਿਲਿੰਦ ਦੇਵੜਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਬਦੁੱਲਾ ਦੇ ਆਰਥਿਕ ਅਤੇ ਰਾਜਨੀਤਕ ਵਿਚਾਰਾਂ ਤੋਂ ਕਾਫੀ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ,‘‘ਉਨ੍ਹਾਂ ਵਰਗੇ ਰਾਸ਼ਟਰਵਾਦੀ ਨੂੰ ਚੁੱਪ ਕਰਵਾਉਣਾ ਸਾਡੇ ਕੌਮੀ ਵਿਚਾਰ ਨੂੰ ਕਮਜ਼ੋਰ ਕਰਦਾ ਹੈ। ਜਲਦੀ ਹੀ ਪੂਰੀ ਤਰ੍ਹਾਂ ਆਮ ਵਰਗੇ ਹਾਲਾਤ ਬਹਾਲ ਹੋਣੇ ਚਾਹੀਦੇ ਹਨ।’’ ਕਾਂਗਰਸ ਦੇ ਬੁਲਾਰੇ ਸਲਮਾਨ ਸੋਜ ਨੇ ਕਿਹਾ ਕਿ ਅਬਦੁੱਲਾ ਦੀ ‘ਲੀਕ’ ਫੋਟੋ ਦੇਖਣ ਤੋਂ ਬਾਅਦ ਕੁਝ ਲੋਕ ਕਹਿ ਰਹੇ ਹਨ ਕਿ ਨੈਕਾ ਨੇਤਾ ਨੂੰ ਟਵਿੱਟਰ ’ਤੇ ਵਾਪਸੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ,‘‘ਸਰਕਾਰ ਨੇ ਉਨ੍ਹਾਂ ਨੂੰ ਅਤੇ ਹੋਰਨਾਂ ਨੂੰ ਨਾਜਾਇਜ਼ ਤੌਰ ’ਤੇ ਹਿਰਾਸਤ ਵਿਚ ਲਿਆ ਅਤੇ ਇਸ ਵਿਚ ਨਿਆਂਪਾਲਿਕਾ ਨੇ ਸਾਥ ਦਿੱਤਾ ਅਤੇ ਜ਼ਿਆਦਾਤਰ ਮੀਡੀਆ ਨੇ ਕੋਈ ਸਵਾਲ ਨਹੀਂ ਕੀਤਾ ਕਿ ਤੁਸੀਂ ਇਸ ਵਿਚ ਸ਼ਾਮਲ ਹੋ।’’ ਸ਼ਿਵ ਸੈਨਾ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ,‘‘ ਇਹ ਕਿੰਨਾ ਬੁਰਾ ਹੈ ਕਿ ਅਸੀਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਦੀ ਤਸਵੀਰ ਨੂੰ ਵੇਖ ਕੇ ਖੁਸ਼ੀ ਮਹਿਸੂਸ ਕਰਦੇ ਹਾਂ। ਸਹੀ ਮਾਇਨਿਆਂ ਵਿਚ ਖੁਸ਼ੀ ਦਾ ਪਲ ਉਦੋਂ ਹੋਵੇਗਾ ਜਦੋਂ ਉਹ ਅਤੇ ਹੋਰ ਨਜ਼ਰਬੰਦ ਨਾ ਹੋਣ। ਉਨ੍ਹਾਂ ਦੇ ਟਵੀਟ ਪੜ੍ਹੇ ਜਾਣ।’’


Inder Prajapati

Content Editor

Related News