ਕਰਨਾਟਕ ਚੋਣਾਂ: ਭਾਜਪਾ ਦੀ ਦੂਜੀ ਲਿਸਟ ਜਾਰੀ, 82 ਉਮੀਦਵਾਰਾਂ ਦਾ ਐਲਾਨ

04/16/2018 4:51:48 PM

ਬੈਂਗਲੁਰੂ— ਕਰਨਾਟਕ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਭਾਜਪਾ ਦੀ ਇਸ ਸੂਚੀ 'ਚ 82 ਉਮੀਦਵਾਰ ਦਾ ਨਾਂ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਪਹਿਲੀ ਸੂਚੀ 'ਚ 72 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਪਾਰਟੀ ਨੇ ਹੁਣ ਤੱਕ 154 ਉਮੀਦਵਾਰਾਂ ਦੇ ਨਾਂ ਫਾਈਨਲ ਕਰ ਦਿੱਤੇ ਹਨ। ਅਜੇ 70 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਭਾਜਪਾ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀ.ਐੱਸ. ਯੇਦੀਯੁਰੱਪਾ ਸ਼ਿਕਾਰੀਪੁਟਾ ਸੀਟ ਤੋਂ ਚੋਣਾਂ 'ਚ ਉਤਰਨਗੇ। ਉਨ੍ਹਾਂ ਦਾ ਨਾਂ ਪਹਿਲੀ ਲਿਸਟ 'ਚ ਹੀ ਸੀ। ਐਤਵਾਰ ਰਾਤ ਕਾਂਗਰਸ ਨੇ ਵੀ 218 ਉਮੀਦਵਾਰਾਂ ਦੀ ਆਪਣੀ ਲਿਸਟ ਜਾਰੀ ਕਰ ਦਿੱਤੀ। ਰਾਜ ਦੇ ਮੁੱਖ ਮੰਤਰੀ ਸਿੱਧਰਮਈਆ ਚਾਮੁੰਡੇਸ਼ਵਰੀ ਸੀਟ ਤੋਂ ਚੋਣਾਂ ਲੜਨਗੇ। ਉੱਥੇ ਹੀ ਸਿੱਧਰਮਈਆ ਦੇ ਬੇਟੇ ਯਤਿੰਦਰ ਨੂੰ ਵਰੁਣਾ ਵਿਧਾਨ ਸਭਾ ਸੀਟ ਤੋਂ ਟਿਕਟ ਮਿਲਿਆ ਹੈ। ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਦੇ ਬਾਅਦ ਤੋਂ ਪਾਰਟੀ ਨੇਤਾ ਅਤੇ ਵਰਕਰ ਹੰਗਾਮਾ ਕਰ ਰਹੇ ਹਨ। ਇੱਥੇ ਤੱਕ ਕਿ ਕਰਨਾਟਕ ਦੇ ਮਾਂਡਯਾ 'ਚ ਪਾਰਟੀ ਦਫ਼ਤਰ 'ਚ ਹੀ ਭੰਨ-ਤੋੜ ਕਰ ਦਿੱਤੀ ਗਈ।

224 ਸੀਟਾਂ 'ਤੇ 12 ਮਈ ਨੂੰ ਵੋਟਿੰਗ
ਕਰਨਾਟਕ 'ਚ ਵਿਧਾਨ ਸਭਾ ਦੀਆਂ 224 ਸੀਟਾਂ 'ਤੇ ਇਕ ਪੜਾਅ 'ਚ 12 ਮਈ ਨੂੰ ਵੋਟਿੰਗ ਹੋਵੇਗੀ। ਉੱਥੇ ਵੋਟਾਂ ਦੀ ਗਿਣਤੀ 15 ਮਈ ਨੂੰ ਕੀਤੀ ਜਾਵੇਗੀ। ਮੌਜੂਦਾ ਸਮੇਂ 'ਚ ਸੱਤਾਧਾਰੀ ਕਾਂਗਰਸ ਕੋਲ 122 ਸੀਟਾਂ ਹਨ, ਜਦੋਂ ਕਿ ਭਾਜਪਾ ਕੋਲ 43 ਅਤੇ ਜੇ.ਡੀ.ਐੱਸ. ਕੋਲ 37 ਸੀਟਾਂ ਹਨ।
ਲਿੰਗਾਇਤ ਵੋਟ ਅਹਿਮ
ਇਸ ਵਾਰ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਦੋਹਾਂ ਦੀ ਨਜ਼ਰ ਲਿੰਗਾਇਤ ਵੋਟਾਂ 'ਤੇ ਹੈ। ਹਾਲ ਹੀ 'ਚ ਸਿੱਧਰਮਈਆ ਸਰਕਾਰ ਨੇ ਲਿੰਗਾਇਤਾਂ ਨੂੰ ਧਾਰਮਿਕ ਘੱਟ ਗਿਣਤੀ ਦਾ ਦਰਜਾ ਦੇਣ ਦੀ ਸਿਫਾਰਿਸ਼ ਕੀਤੀ ਹੈ। ਹੁਣ ਇਹ ਮਾਮਲਾ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਦੀ ਕਾਂਗਰਸ ਸਰਕਾਰ ਦੇ ਇਸ ਕਦਮ ਨੂੰ ਮਾਸਟਰਸਟਰੋਕ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।
100 ਸੀਟਾਂ 'ਤੇ ਅਸਰ
ਕਰਨਾਟਕ 'ਚ ਲਿੰਗਾਇਤ ਭਾਈਚਾਰਾ ਕਾਫੀ ਪ੍ਰਭਾਵਸ਼ਾਲੀ ਹੈ। 17 ਫੀਸਦੀ ਤੋਂ ਵਧ ਆਬਾਦੀ ਵਾਲੇ ਲਿੰਗਾਇਤ ਭਾਈਚਾਰੇ ਦਾ ਰਾਜ ਦੀਆਂ 224 'ਚੋਂ ਕਰੀਬ 100 ਵਿਧਾਨ ਸਭਾ ਸੀਟਾਂ 'ਤੇ ਹਕੂਮਤ ਹੈ। ਉੱਥੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਹਾਲ ਹੀ 'ਚ ਲਿੰਗਾਇਤਾਂ ਦੇ ਮਠ ਦਾ ਦੌਰਾ ਕੀਤਾ ਸੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਲਿੰਗਾਇਤ ਸੰਤਾਂ ਨਾਲ ਮੁਲਾਕਾਤ ਕਰ ਚੁਕੇ ਹਨ। ਭਾਜਪਾ ਨੇ ਲਿੰਗਾਇਤ ਭਾਈਚਾਰੇ ਤੋਂ ਆਉਣ ਵਾਲੇ ਬੀ.ਐੱਸ. ਯੇਦੀਯੁਰੱਪਾ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੀਤਾ ਹੈ। 2008 'ਚ ਜਦੋਂ ਪਹਿਲੀ ਵਾਰ ਕਰਨਾਟਕ 'ਚ ਭਾਜਪਾ ਦੀ ਸਰਕਾਰ ਬਣੀ ਸੀ ਤਾਂ ਯੇਦੀਯੁਰੱਪਾ ਹੀ ਮੁੱਖ ਮੰਤਰੀ ਬਣੇ ਸਨ।


Related News