ਵਿਗਿਆਨੀਆਂ ਨੇ ਕ੍ਰਿਸ਼ਮਈ ਕਣ ਦੀ ਕੀਤੀ ਖੋਜ, ਡੂੰਘੇ ਸਮੁੰਦਰੀ ਡਿਟੈਕਟਰਜ਼ ਨੇ ਐਨਰਜੀ ਨਿਊਟ੍ਰੀਨੋ ਦਾ ਲਾਇਆ ਪਤਾ

Monday, Jun 24, 2024 - 09:20 AM (IST)

ਨਵੀਂ ਦਿੱਲੀ (ਅਮਿਤ ਚੋਪੜਾ) - ਇਹ ਸਾਡੇ ਬ੍ਰਹਿਮੰਡ ਦੀ ਸਭ ਤੋਂ ਵਿਲੱਖਣ ਘਟਨਾ ਹੈ। ਭੂਮੱਧ ਸਾਗਰ ਦੇ ਕੰਢੇ ’ਤੇ ਯੰਤਰਾਂ ਨੇ ਇਕ ਬਹੁਤ ਹੀ ਸ਼ਕਤੀਸ਼ਾਲੀ ਕਣ ਅਲਟਰਾ ਹਾਈ ਐਨਰਜੀ ਨਿਊਟ੍ਰੀਨੋ ਦਾ ਪਤਾ ਲਗਾਇਆ ਹੈ। ਇਸ ਕਣ ਦਾ ਪਤਾ ਲਗਾਉਣ ਵਾਲੀ ਆਬਜ਼ਰਵੇਟਰੀ ਅਜੇ ਵੀ ਨਿਰਮਾਣ ਅਧੀਨ ਹੈ।

ਇਸ ਸੂਖਮ ਕਣ ਦੀ ਰਫਤਾਰ ਪ੍ਰਕਾਸ਼ ਦੇ ਬਹੁਤ ਨੇੜੇ ਹੈ। ਵਿਗਿਆਨੀਆਂ ਨੇ ਇਕ ਦਹਾਕੇ ਪਹਿਲਾਂ ਹੀ ਇਸ ਦੀ ਹੋਂਦ ਬਾਰੇ ਕਿਆਸ ਅਰਾਈਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਨੂੰ ਦੂਰ ਦੀਆਂ ਗਲੈਕਸੀਆਂ ਦੇ ਬਲੈਕ ਹੋਲ ਤੋਂ ਆਇਆ ਸੰਕੇਤ ਮੰਨਿਆ ਜਾਂਦਾ ਹੈ। ਨਿਊਟ੍ਰੀਨੋ ਭੌਤਿਕ ਵਿਗਿਆਨੀ ਜੋਆਓ ਕੋਏਲਹੋ ਨੇ 18 ਜੂਨ ਨੂੰ ਇਟਲੀ ਦੇ ਮਿਲਾਨ ’ਚ ਆਯੋਜਿਤ ਨਿਊਟ੍ਰੀਨੋ-2024 ਕਾਨਫਰੰਸ ’ਚ ਇਸ ਖੋਜ ਦਾ ਐਲਾਨ ਕੀਤਾ।

ਸਮੁੰਦਰੀ ਕੰਢੇ ਤੋਂ 3500 ਮੀਟਰ ਹੇਠਾਂ ਮਿਲਿਆ

ਇਹ ਅਲਟਰਾ ਹਾਈ ਐਨਰਜੀ ਨਿਊਟ੍ਰੀਨੋ ਭੂਮੱਧ ਸਾਗਰ ’ਚ ਸਮੁੰਦਰੀ ਕੰਢੇ ਤੋਂ 3500 ਮੀਟਰ ਹੇਠਾਂ ਲੱਭਿਆ ਗਿਆ ਸੀ। ਇਹ ਸਥਾਨ ਇਟਲੀ ਦੇ ਸਿਸਲੀ ਟਾਪੂ ਦੇ ਦੱਖਣ-ਪੂਰਬ ਵਿਚ ਹੈ। ਹਾਲਾਂਕਿ ਵਿਗਿਆਨੀਆਂ ਨੇ ਅਜੇ ਤੱਕ ਇਸ ਕਣ ਦੀ ਦਿਸ਼ਾ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਕਿਸ ਗਲੈਕਸੀ ਤੋਂ ਆਇਆ ਹੈ।

ਕੋਏਲਹੋ ਨੇ ਕਿਹਾ ਕਿ ਇਸ ਸਬੰਧੀ ਅਜਿਹੀ ਸਾਰੀ ਜਾਣਕਾਰੀ ਦਾ ਖੁਲਾਸਾ ਖੋਜ ਪੱਤਰ ਵਿਚ ਕੀਤਾ ਜਾਵੇਗਾ, ਜੋ ਫਿਲਹਾਲ ਤਿਆਰ ਕੀਤਾ ਜਾ ਰਿਹਾ ਹੈ।

ਇਕ ਕਣ ਵਿਚ ਇੰਨੀ ਊਰਜਾ

ਇਕ ਅਲਟਰਾ ਹਾਈ ਐਨਰਜੀ ਨਿਊਟ੍ਰੀਨੋ ’ਚ ਅੱਧਾ ਪੇਟਾ ਇਲੈਕਟ੍ਰੋਨ ਵੋਲਟ ਊਰਜਾ ਹੁੰਦੀ ਹੈ। ਇਕ ਪੇਟਾ ਇਲੈਕਟ੍ਰੋਨ ਵੋਲਟ 0.5x1015 ਈ. ਵੀ. ਹੁੰਦਾ ਹੈ।

2028 ਤੱਕ 230 ਰਿਐਕਟਰ ਲੱਗਣਗੇ

ਐਸਟ੍ਰੋਪਾਰਟੀਕਲ ਰਿਸਰਚ ਵਿਦ ਕੋਸਮਿਕਸ ਇਨ ਦ ਐਬਾਇਸ (ਏ. ਆਰ. ਸੀ. ਏ.) ਦੇ ਨਿਊਟ੍ਰੀਨੋ ਆਬਜ਼ਰਵੇਟਰੀ ਨੂੰ ਕਿਊਬਿਕ ਕਿਲੋਮੀਟਰ ਨਿਊਟ੍ਰੀਨੋ ਟੈਲੀਸਕੋਪ (ਕੇ. ਅੈੱਮ. 3 ਐੱਨ. ਈ. ਟੀ.) ਕਿਹਾ ਜਾਂਦਾ ਹੈ।

ਏ. ਆਰ. ਸੀ. ਏ. 2010 ਤੋਂ ਇਨ੍ਹਾਂ ਦਾ ਡਾਟਾ ਇਕੱਠਾ ਕਰ ਰਿਹਾ ਹੈ। ਹੁਣ ਤੱਕ ਇਸ ਕੋਲ ਦੁਨੀਆ ਵਿਚ 28 ਅਜਿਹੇ ਯੰਤਰ ਹਨ, ਜਿਨ੍ਹਾਂ ਨੂੰ 2028 ਤੱਕ ਪੂਰੀ ਧਰਤੀ ’ਚ 230 ਤੱਕ ਵਧਾਉਣ ਦੀ ਯੋਜਨਾ ਹੈ। ਹਰੇਕ ਯੰਤਰ 800 ਮੀਟਰ ਲੰਬਾ ਹੈ ਅਤੇ ਇਸ ਵਿਚ 18 ਡਿਟੈਕਟਰ ਯੂਨਿਟ ਹਨ।

 


Harinder Kaur

Content Editor

Related News