ਦਿੱਲੀ ’ਚ 9 ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁੜ ਖੁੱਲ੍ਹੇ ਸਕੂਲ, ਪਰਤੀ ਰੌਣਕ

Monday, Feb 07, 2022 - 02:00 PM (IST)

ਦਿੱਲੀ ’ਚ 9 ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁੜ ਖੁੱਲ੍ਹੇ ਸਕੂਲ, ਪਰਤੀ ਰੌਣਕ

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ’ਚ ਕੋਵਿਡ-19 ਦੀ ਤੀਜੀ ਲਹਿਰ ਦੇ ਕਹਿਰ ਤੋਂ ਬਾਅਦ ਬੰਦ ਜ਼ਿਆਦਾਤਰ ਸਕੂਲ ਸੋਮਵਾਰ ਨੂੰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁੜ ਤੋਂ ਖੋਲ੍ਹੇ ਗਏ। ਦੱਸ ਦੇਈਏ ਕਿ ਕੋਵਿਡ-19 ਮਾਮਲੇ ਘੱਟ ਹੋਣ ਮਗਰੋਂ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਨੇ ਅੱਜ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲਾਂ ਦੇ ਨਾਲ-ਨਾਲ ਕੋਚਿੰਗ ਸੈਂਟਰ ਮੁੜ ਤੋਂ ਖੋਲ੍ਹਣ ਦਾ ਸ਼ੁੱਕਰਵਾਰ ਨੂੰ ਫ਼ੈਸਲਾ ਲਿਆ ਸੀ। ਇਸ ਦੇ ਨਾਲ ਹੀ 14 ਫਰਵਰੀ ਤੋਂ ਨਰਸਰੀ ਤੋਂ 8ਵੀਂ ਤੱਕ ਦੀਆਂ ਜਮਾਤਾਂ ਫਿਰ ਤੋਂ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਦਿੱਲੀ ਵਿਚ ਸਵੇਰੇ-ਸਵੇਰੇ ਬੱਚੇ ਮਾਸਕ ਪਹਿਨੇ ਸਕੂਲ ਜਾਂਦੇ ਹੋਏ ਨਜ਼ਰ ਆਏ। 

PunjabKesari

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ’ਤੇ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਦੇ ਸਵਾਗਤ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕੇਜਰੀਵਾਲ ਨੇ ਟਵੀਟ ਕੀਤਾ, ‘‘ਬੱਚਿਆਂ ਨੂੰ ਵਾਪਸ ਸਕੂਲ ’ਚ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਬੱਚੇ ਵੀ ਬੇਚਾਰੇ ਪਰੇਸ਼ਾਨ ਹੋ ਗਏ। ਭਗਵਾਨ ਨਾ ਕਰੇ ਹੁਣ ਮੁੜ ਸਕੂਲ ਬੰਦ ਕਰਨ ਦੀ ਜ਼ਰੂਰਤ ਪਵੇ।’’

PunjabKesari

ਓਧਰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੁਝ ਸਕੂਲਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਟਵੀਟ ਕੀਤਾ, ‘‘ਦਿੱਲੀ ਦੇ ਸਕੂਲ ਆਖ਼ਰਕਾਰ ਖੁੱਲ੍ਹ ਗਏ ਹਨ। ਬੱਚਿਆਂ ਦੀ ਵਾਪਸੀ ਨਾਲ ਸਕੂਲਾਂ ਵਿਚ ਰੌਣਕ ਪਰਤ ਆਈ ਹੈ। ਇਸ ਦਰਮਿਆਨ ਕੁਝ ਨਿੱਜੀ ਸਕੂਲ ਸੋਮਵਾਰ ਨੂੰ ਨਹੀਂ ਖੁੱਲ੍ਹੇ।’’ ਓਧਰ ਕੇਂਦਰ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਤੋਂ ਵਿਦਿਆਰਥੀਆਂ ਦੇ ਸਕੂਲ ਕੰਪਲੈਕਸ ’ਚ ਜਮਾਤਾਂ ਲੈਣ ਲਈ ਮਾਪਿਆਂ ਦੀ ਸਹਿਮਤੀ ਦੀ ਜ਼ਰੂਰਤ ਨੂੰ ਹਟਾ ਦਿੱਤਾ ਹੈ ਅਤੇ ਇਸ ਨੂੰ ਸੂਬਿਆਂ ’ਤੇ ਛੱਡ ਦਿੱਤਾ ਹੈ। ਦਿੱਲੀ ਸਰਕਾਰ ਨੇ ਹੁਣ ਵੀ ਇਸ ਨਿਯਮ ਨੂੰ ਜਾਰੀ ਰੱਖਿਆ ਹੈ। 

ਦੱਸ ਦੇਈਏ ਕਿ ਕੋਵਿਡ-19 ਦੇ ਕਹਿਰ ਕਾਰਨ ਲੰਬੇ ਸਮੇਂ ਤੱਕ ਬੰਦ ਰਹਿਣ ਮਗਰੋਂ ਸਕੂਲਾਂ ਨੂੰ ਪਿਛਲੇ ਸਾਲ ਕੁਝ ਦਿਨਾਂ ਲਈ ਹੀ ਖੋਲ੍ਹਿਆ ਜਾ ਸਕਿਆ ਸੀ। ਕੋਰੋਨਾ ਵਾਇਰਸ ਦੇ ‘ਓਮੀਕਰੋਨ’ ਵੈਰੀਐਂਟ ਕਾਰਨ ਆਈ ਕੋਵਿਡ-19 ਦੀ ਤੀਜੀ ਲਹਿਰ ਦੇ ਚੱਲਦੇ 28 ਦਸੰਬਰ ਤੋਂ ਸਕੂਲ ਫਿਰ ਤੋਂ ਬੰਦ ਕਰ ਦਿੱਤੇ ਗਏ ਸਨ। 


author

Tanu

Content Editor

Related News