11 ਤੋਂ 13 ਸਤੰਬਰ ਤੱਕ ਸਕੂਲ-ਦਫ਼ਤਰ ਰਹਿਣਗੇ ਬੰਦ, ਬ੍ਰਿਕਸ ਸੰਮੇਲਨ ਕਾਰਨ 22 ਥਾਵਾਂ ''ਤੇ ਰੂਟ ਡਾਇਵਰਟ

Friday, Sep 11, 2026 - 12:31 AM (IST)

11 ਤੋਂ 13 ਸਤੰਬਰ ਤੱਕ ਸਕੂਲ-ਦਫ਼ਤਰ ਰਹਿਣਗੇ ਬੰਦ, ਬ੍ਰਿਕਸ ਸੰਮੇਲਨ ਕਾਰਨ 22 ਥਾਵਾਂ ''ਤੇ ਰੂਟ ਡਾਇਵਰਟ

ਨਵੀਂ ਦਿੱਲੀ : ਦਿੱਲੀ 12 ਅਤੇ 13 ਸਤੰਬਰ ਨੂੰ ਬ੍ਰਿਕਸ (BRICS) ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਦੇਸ਼ੀ ਮਹਿਮਾਨਾਂ ਅਤੇ ਵੀ.ਵੀ.ਆਈ.ਪੀ. ਕਾਫ਼ਲਿਆਂ ਦੀ ਆਵਾਜਾਈ ਦੇ ਮੱਦੇਨਜ਼ਰ ਰਾਜਧਾਨੀ ਵਿੱਚ 11 ਤੋਂ 13 ਸਤੰਬਰ ਤੱਕ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਕਈ ਪ੍ਰਮੁੱਖ ਮਾਰਗਾਂ 'ਤੇ ਟ੍ਰੈਫਿਕ ਪਾਬੰਦੀਆਂ ਲਗਾਈਆਂ ਗਈਆਂ ਹਨ। 

ਦਿੱਲੀ ਸਰਕਾਰ ਦੇ ਸਿੱਖਿਆ ਨਿਰਦੇਸ਼ਾਲੇ ਦੀਆਂ ਹਦਾਇਤਾਂ ਅਨੁਸਾਰ 11 ਸਤੰਬਰ ਨੂੰ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਇਸ ਤੋਂ ਇਲਾਵਾ ਕੇਂਦਰ ਤੇ ਦਿੱਲੀ ਸਰਕਾਰ ਦੇ ਦਫ਼ਤਰ, ਨਿਗਮ ਅਤੇ ਸਰਕਾਰੀ ਉੱਦਮ (PSU) ਵੀ ਬੰਦ ਰਹਿਣਗੇ। ਸੁਪਰੀਮ ਕੋਰਟ ਅਤੇ ਇਸ ਦੀ ਰਜਿਸਟਰੀ ਵਿੱਚ 11 ਸਤੰਬਰ ਦੀ ਛੁੱਟੀ ਐਲਾਨੀ ਗਈ ਹੈ, ਜਦਕਿ ਰਜਿਸਟਰੀ 12 ਸਤੰਬਰ ਨੂੰ ਵੀ ਬੰਦ ਰਹੇਗੀ। ਹਾਲਾਂਕਿ, ਨਵੀਂ ਦਿੱਲੀ ਵਿੱਚ 11 ਸਤੰਬਰ ਨੂੰ ਬੈਂਕ ਆਮ ਵਾਂਗ ਖੁੱਲ੍ਹੇ ਰਹਿਣਗੇ, ਪਰ ਟ੍ਰੈਫਿਕ ਪਾਬੰਦੀਆਂ ਕਾਰਨ ਗਾਹਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦਿੱਲੀ ਟ੍ਰੈਫਿਕ ਪੁਲਸ ਨੇ ਸੈਂਟਰਲ ਦਿੱਲੀ ਵਿੱਚ ਇੱਕ ਨਿਯੰਤਰਿਤ ਖੇਤਰ ਬਣਾਇਆ ਹੈ ਅਤੇ 22 ਡਾਇਵਰਸ਼ਨ ਪੁਆਇੰਟ ਨਿਰਧਾਰਤ ਕੀਤੇ ਹਨ। ਇਨ੍ਹਾਂ ਵਿੱਚ ਡਾ. ਦਿਨੇਸ਼ ਨੰਦਿਨੀ ਡਾਲਮੀਆ ਚੌਂਕ (W-ਪੁਆਇੰਟ), ਰਾਮ ਚਰਨ ਅਗਰਵਾਲ ਚੌਂਕ (A-ਪੁਆਇੰਟ), ਗੁਰੂ ਨਾਨਕ ਚੌਂਕ, ਕੇ.ਜੀ. ਮਾਰਗ, ਜਨਪਥ, ਪਟੇਲ ਚੌਂਕ, ਆਰ.ਐੱਮ.ਐੱਲ. ਹਸਪਤਾਲ, ਧੌਲਾ ਕੂਆਂ ਫਲਾਈਓਵਰ, ਮੋਤੀ ਬਾਗ ਫਲਾਈਓਵਰ, ਮੰਡੀ ਹਾਊਸ ਅਤੇ ਲੋਧੀ ਰੋਡ ਸ਼ਾਮਲ ਹਨ। 

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨਾਂ ਵੱਲ ਜਾਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਰੂਟ ਪਲਾਨ ਜਾਰੀ ਕੀਤੇ ਗਏ ਹਨ। ਟ੍ਰੈਫਿਕ ਪੁਲਸ ਨੇ ਯਾਤਰੀਆਂ ਨੂੰ ਹਵਾਈ ਅੱਡੇ ਤੱਕ ਪਹੁੰਚਣ ਲਈ ਮੈਟਰੋ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ, 11 ਸਤੰਬਰ ਰਾਤ 01:30 ਵਜੇ ਤੋਂ 13 ਸਤੰਬਰ ਸ਼ਾਮ 17:30 ਵਜੇ ਤੱਕ ਹਵਾਈ ਅੱਡੇ ਅਤੇ 300 ਕਿਲੋਮੀਟਰ ਦੇ ਦਾਇਰੇ ਵਿੱਚ ਉਡਾਣਾਂ ਲਈ ਸਖ਼ਤ ਸੁਰੱਖਿਆ ਨਿਯਮ ਲਾਗੂ ਰਹਿਣਗੇ, ਜਿਸ ਦੌਰਾਨ ਸਿਰਫ਼ ਨਿਯਮਿਤ ਸ਼ਡਿਊਲਡ ਏਅਰਲਾਈਨਜ਼, ਸੰਮੇਲਨ ਦੇ ਖ਼ਾਸ ਮਹਿਮਾਨਾਂ ਦੀਆਂ ਫਲਾਈਟਾਂ ਅਤੇ ਫੌਜੀ/ਐਮਰਜੈਂਸੀ ਹੈਲੀਕਾਪਟਰਾਂ ਨੂੰ ਹੀ ਲੈਂਡਿੰਗ ਤੇ ਟੇਕ-ਆਫ਼ ਦੀ ਇਜਾਜ਼ਤ ਹੋਵੇਗੀ। ਸਫਦਰਜੰਗ ਹਵਾਈ ਅੱਡਾ ਐਮਰਜੈਂਸੀ/ਵੀ.ਆਈ.ਪੀ. ਡਿਊਟੀ ਤੋਂ ਇਲਾਵਾ ਬੰਦ ਰਹੇਗਾ ਅਤੇ ਰੋਹਿਣੀ ਹੈਲੀਪੈਡ ਪੂਰੀ ਤਰ੍ਹਾਂ ਬੰਦ ਰਹੇਗਾ।

ਟ੍ਰੈਫਿਕ ਪੁਲਸ ਨੇ ਯਾਤਰੀਆਂ ਨੂੰ ਸੋਸ਼ਲ ਮੀਡੀਆ ਅਪਡੇਟਸ ਫਾਲੋ ਕਰਨ ਦੀ ਅਪੀਲ ਕੀਤੀ ਹੈ। ਕਿਸੇ ਵੀ ਮਦਦ ਲਈ ਹੈਲਪਲਾਈਨ ਨੰਬਰ 1095 ਅਤੇ ਵਟਸਐਪ ਨੰਬਰ 8750871493 ਜਾਰੀ ਕੀਤਾ ਗਿਆ ਹੈ।
 


author

Inder Prajapati

Content Editor

Related News