ਸਕੂਲ ਵੈਨ ਦੀ ਮਿੰਨੀ ਟਰੱਕ ਤੇ ਬੱਸ ਨਾਲ ਭਿਆਨਕ ਟੱਕਰ, 2 ਬੱਚਿਆਂ ਸਣੇ ਤਿੰਨ ਦੀ ਮੌਤ
Tuesday, Jan 30, 2024 - 05:06 PM (IST)
ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਉਝਾਨੀ ਖੇਤਰ ਵਿਚ ਮੰਗਲਵਾਰ ਨੂੰ ਬਰੇਲੀ-ਮਥੁਰਾ ਰੋਡ 'ਤੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਇਕ ਵੈਨ ਦੀ ਮਿੰਨੀ ਟਰੱਕ ਅਤੇ ਰੋਡਵੇਜ਼ ਦੀ ਬੱਸ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 2 ਬੱਚਿਆਂ ਅਤੇ ਵੈਨ ਦੇ ਡਰਾਈਵਰ ਦੇ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6 ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਜ਼ਿਲ੍ਹਾ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਬੁਟਲਾ ਦੌਲਤਪੁਰ ਪਿੰਡ 'ਚ ਸਥਿਤ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਪ੍ਰਾਈਵੇਟ ਵੈਨ ਦੀ ਸਵੇਰੇ ਲੱਗਭਗ 9 ਵਜ ਕੇ 45 ਮਿੰਟ 'ਤੇ ਇਕ ਮਿੰਨੀ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਪਿੱਛੋਂ ਆ ਰਹੀ ਰੋਡਵੇਜ਼ ਬੱਸ ਵੀ ਵੈਨ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ 'ਚ ਵੈਨ ਡਰਾਈਵਰ ਉਮੇਸ਼ (30), ਉਸ ਦੇ 2 ਸਾਲ ਦੇ ਬੱਚੇ ਅਤੇ 6 ਸਾਲ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ।
ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਗੰਭੀਰ ਰੂਪ ਨਾਲ ਜ਼ਖ਼ਮੀ 6 ਬੱਚਿਆਂ ਨੂੰ ਬਦਾਯੂੰ ਮੈਡੀਕਲ ਕਾਲਜ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਆਲੋਕ ਪ੍ਰਿਅਦਰਸ਼ੀ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।