ਸਕੂਲ ਭਰਤੀ ਘਪਲਾ: CBI ਦੇ ਸਾਹਮਣੇ ਪੇਸ਼ ਹੋਏ ਅਭਿਸ਼ੇਕ ਬੈਨਰਜੀ
Saturday, May 20, 2023 - 12:23 PM (IST)
ਕੋਲਕਾਤਾ- ਤ੍ਰਿਣਮੂਲ ਕਾਂਗਰਸ (TMC) ਦੇ ਨੇਤਾ ਅਭਿਸ਼ੇਕ ਬੈਨਰਜੀ ਸਕੂਲ ਭਰਤੀ ਘਪਲੇ ਦੀ ਜਾਂਚ ਦੇ ਸਿਲਸਿਲੇ 'ਚ ਸ਼ਨੀਵਾਰ ਨੂੰ ਸੀ. ਬੀ. ਆਈ. ਦੇ ਕੋਲਕਾਤਾ ਸਥਿਤ ਦਫ਼ਤਰ ਵਿਚ ਪੇਸ਼ ਹੋਏ। ਅਭਿਸ਼ੇਕ ਇਲਾਕੇ ਵਿਚ ਸਖ਼ਤ ਸੁਰੱਖਿਆ ਤਾਇਨਾਤ ਦਰਮਿਆਨ ਨਿਜ਼ਾਮ ਮਹਿਲ ਸਥਿਤ ਸੀ. ਬੀ. ਆਈ. ਦਫ਼ਤਰ ਪਹੁੰਚੇ ਅਤੇ ਮਾਮਲੇ ਦੀ ਜਾਂਚ ਲਈ ਨਾਮਜ਼ਦ ਅਧਿਕਾਰੀਆਂ ਨੂੰ ਮਿਲੇ। ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਇਸ ਮਾਮਲੇ ਵਿਚ ਈ. ਡੀ. ਨੇ TMC ਦੇ ਸੀਨੀਅਰ ਨੇਤਾਵਾਂ ਦੇ ਕਰੀਬੀ ਸੁਜਯ ਕ੍ਰਿਸ਼ਨ ਭਦਰ ਦੀ ਰਿਹਾਇਸ਼ 'ਤੇ ਛਾਪਾ ਮਾਰਿਆ।
ਪੱਛਮੀ ਬੰਗਾਲ ਦੇ ਵੱਖ-ਵੱਖ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਕੀਤੀ ਗਈ ਗੈਰ-ਕਾਨੂੰਨੀ ਨਿਯੁਕਤੀ ਵਿਚ ਸ਼ਾਮਲ ਹੋਣ ਦੇ ਸਬੰਧ 'ਚ ਸੁਜਯ ਸੀ. ਬੀ. ਆਈ. ਸਾਹਮਣੇ ਪੇਸ਼ ਹੋਏ ਸਨ। ਸੀ. ਬੀ. ਆਈ. ਘਪਲੇ ਦੇ ਅਪਰਾਧਕ ਪਹਿਲੂ ਦੀ ਜਾਂਚ ਕਰ ਰਹੀ ਹੈ, ਜਦਕਿ ਸਕੂਲਾਂ 'ਚ ਭਰਤੀ ਬੇਨਿਯਮੀਆਂ 'ਚ ਧਨ ਦੇ ਲੈਣ-ਦੇਣ ਦੀ ਤਫ਼ਤੀਸ਼ ਕਰ ਰਹੀ ਹੈ।
ਓਧਰ ਅਭਿਸ਼ੇਕ ਨੇ ਟਵੀਟ ਕਰਦਿਆਂ ਕਿਹਾ ਕਿ ਇਨ੍ਹਾਂ ਚੀਜ਼ਾਂ ਦੀ ਪਰਵਾਹ ਕੀਤੇ ਬਿਨਾਂ, ਮੈਂ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ। ਅਭਿਸ਼ੇਕ ਨੇ ਸੀ. ਬੀ. ਆਈ. ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਖਿਲਾਫ਼ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਹੈ ਤਾਂ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ। ਉਨ੍ਹਾਂ ਨੇ ਬਾਕੁੰਡਾ ਵਿਚ ਆਯੋਜਿਤ ਰੈਲੀ 'ਚ ਕਿਹਾ ਸੀ ਕਿ ਮੈਂ ਸੀ. ਬੀ. ਆਈ. ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਉਨ੍ਹਾਂ ਕੋਲ ਮੇਰੇ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਹੈ ਤਾਂ ਉਹ ਮੈਨੂੰ ਗ੍ਰਿਫ਼ਤਾਰ ਕਰੇ।