ਬੱਚਿਆਂ ਦੀਆਂ ਫਿਰ ਲੱਗੀਆਂ ਮੌਜਾਂ, 5 ਫਰਵਰੀ ਤੱਕ ਸਕੂਲ ਬੰਦ
Monday, Jan 27, 2025 - 09:50 AM (IST)
ਵਾਰਾਣਸੀ- ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੀ ਇਕ ਵਾਰ ਤੋਂ ਮੌਜ ਲੱਗ ਗਈ ਹੈ। ਦਰਅਸਲ 27 ਯਾਨੀ ਕਿ ਅੱਜ ਤੋਂ ਸਾਰੇ ਸਕੂਲਾਂ ਨੂੰ 5 ਫਰਵਰੀ 2025 ਤੱਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਦਰਅਸਲ ਪ੍ਰਯਾਗਰਾਜ ਮਹਾਕੁੰਭ ਤੋਂ ਕਾਸ਼ੀ ਆਉਣ ਵਾਲੇ ਸ਼ਰਧਾਲੂਆਂ ਦੀ ਵੱਧਦੀ ਭੀੜ ਨੂੰ ਵੇਖਦੇ ਹੋਏ ਵਾਰਾਣਸੀ ਦੇ ਜ਼ਿਲ੍ਹਾ ਅਧਿਕਾਰੀ ਨੇ 27 ਜਨਵਰੀ ਤੋਂ 5 ਫਰਵਰੀ ਤੱਕ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦੌਰਾਨ ਸਾਰੇ ਸਕੂਲਾਂ ਵਿਚ ਆਨਲਾਈਨ ਕਲਾਸਾਂ ਲੱਗਣਗੀਆਂ, ਤਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਾ ਆਵੇ। ਇਹ ਕਦਮ ਮੁੱਖ ਰੂਪ ਨਾਲ ਸ਼ਹਿਰ ਵਿਚ ਭਾਰੀ ਭੀੜ ਅਤੇ ਆਵਾਜਾਈ ਦੀ ਸਮੱਸਿਆ ਕਾਰਨ ਚੁੱਕਿਆ ਗਿਆ ਹੈ, ਤਾਂ ਕਿ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।
ਵਾਰਾਣਸੀ ਜ਼ਿਲ੍ਹੇ ਦੇ ਬੇਸਿਕ ਸਿੱਖਿਆ ਅਧਿਕਾਰੀ ਵਲੋਂ ਆਦੇਸ਼ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿਚ ਹਰ ਰੋਜ਼ ਲੱਖਾਂ ਸ਼ਰਧਾਲੂ ਕਾਸ਼ੀ ਦੇ ਪ੍ਰਾਚੀਨ ਧਾਰਮਿਕ ਸਥਾਨ ਗੰਗਾ ਘਾਟ ਵੱਲ ਪਹੁੰਚ ਰਹੇ ਹਨ। ਸ਼ਹਿਰੀ ਖੇਤਰਾਂ 'ਚੋਂ ਲੰਘਣ ਵਾਲੇ ਵਾਹਨਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ 'ਚ ਸਕੂਲੀ ਵਾਹਨ ਵੀ ਸ਼ਾਮਲ ਹਨ। ਵਾਰਾਣਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਧਿਆਨ 'ਚ ਰੱਖਦੇ ਹੋਏ ਸ਼ਹਿਰ ਦੇ ਵੱਖ-ਵੱਖ ਬੋਰਡਾਂ ਦੇ ਸਾਰੇ ਸਕੂਲਾਂ ਦੀਆਂ ਕਲਾਸਾਂ 5 ਫਰਵਰੀ ਤੱਕ ਆਨਲਾਈਨ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਸ਼ਰਧਾਲੂਆਂ ਦੀ ਭਾਰੀ ਆਮਦ ਕਾਰਨ 1ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, CBSE, ICSE ਬੋਰਡ ਸਕੂਲਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ 27 ਜਨਵਰੀ ਤੋਂ 5 ਫਰਵਰੀ 2025 ਤੱਕ ਆਨਲਾਈਨ ਪੜ੍ਹਾਈ ਲਈ ਪ੍ਰਬੰਧ ਕਰਨ। ਇਸ ਸਮੇਂ ਦੌਰਾਨ ਜੇਕਰ CBSE ਬੋਰਡ ਜਾਂ ਯੂ.ਪੀ. ਬੋਰਡ ਜਾਂ ਕਿਸੇ ਹੋਰ ਬੋਰਡ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਹੋ ਰਹੀਆਂ ਹਨ, ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਅਤੇ ਸੁਚਾਰੂ ਢੰਗ ਨਾਲ ਕਰਵਾਇਆ ਜਾਣਾ ਚਾਹੀਦਾ ਹੈ।