ਸਕੂਲੀ ਬੱਚਿਆਂ ਨੂੰ ਜੂਡੋ ਦੀ ਸਿਖਲਾਈ ਦੇ ਰਹੀ ਹੈ ITBP
Sunday, Feb 07, 2021 - 03:04 PM (IST)
ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦ ਪੁਲਸ (ਆਈ.ਟੀ.ਬੀ.ਪੀ.) ਛੱਤੀਸਗੜ੍ਹ ਦੇ ਕੋਂਡਾਗਾਂਵ ਜ਼ਿਲ੍ਹੇ 'ਚ ਸਥਾਨਕ ਸਕੂਲਾਂ 'ਚ ਵਿਦਿਆਰਥੀਆਂ ਨੂੰ ਜੂਡੋ ਦੀ ਸਿਖਲਾਈ ਦੇ ਕੇ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇੱਥੋਂ ਦੇ ਸਕੂਲੀ ਬੱਚੇ ਵੱਖ-ਵੱਖ ਰਾਸ਼ਟਰੀ ਮੁਕਾਬਲਿਆਂ 'ਚ ਹੁਣ ਤੱਕ 112 ਤਮਗੇ ਹਾਸਲ ਕਰ ਚੁਕੇ ਹਨ। ਆਈ.ਟੀ.ਬੀ.ਪੀ. ਦੀ 41ਵੀਂ ਬਟਾਲੀਅਨ ਦੇ ਜਵਾਨ ਸਕੂਲੀ ਬੱਚਿਆਂ ਨੂੰ ਜੂਡੋ 'ਚ ਸਿਖਲਾਈ ਦੇ ਰਹੇ ਹਨ। ਬਟਾਲੀਅਨ ਦੇ 2 ਜਵਾਨ 5 ਘੰਟਿਆਂ ਲਈ ਹਰ ਦਿਨ ਚਾਰ ਬੈਂਚਾਂ 'ਚ 200 ਸਥਾਨਕ ਮੁੰਡਿਆਂ ਅਤੇ ਕੁੜੀਆਂ ਨੂੰ ਜੂਡੋ ਦੀ ਸਿਖਲਾਈ ਦੇ ਰਹੇ ਹਨ। ਕਾਂਸਟੇਬਲ ਜਾਕਿਰ ਹਸਨ ਨੇ ਅਕਤੂਬਰ 2016 'ਚ ਕਮਾਂਡੈਂਟ ਸੁਰਿੰਦਰ ਖਤਰੀ ਦੇ ਮਾਰਗਦਰਸ਼ਨ 'ਚ ਜੂਡੋ ਸਿਖਲਾਈ ਦੀ ਸ਼ੁਰੂਆਤ ਕੀਤੀ ਸੀ। ਆਈ.ਟੀ.ਬੀ.ਪੀ. ਵਲੋਂ ਸਿਖਲਾਈ 161 ਸਕੂਲੀ ਬੱਚਿਆਂ ਨੇ ਹੁਣ ਤੱਕ ਵੱਖ-ਵੱਖ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲਿਆ ਹੈ।
ਯੋਗੇਸ਼ ਸੋਰੀ ਨੇ 2018 'ਚ ਅੰਡਰ-14 ਰਾਸ਼ਟਰੀ ਜੂਡੋ 'ਚ 35 ਕਿਲੋਗ੍ਰਾਮ ਅੰਡਰ-14 ਭਾਰ ਵਰਗ 'ਚ ਪਿੱਤਲ ਦਾ ਤਮਗਾ ਜਿੱਤਿਆ ਸੀ। ਇਸੇ ਤਰ੍ਹਾਂ ਅਨਿਲ ਕੁਮਾਰ ਨੇ 2019 'ਚ ਰਾਸ਼ਟਰੀ ਜੂਡੋ 'ਚ 40 ਕਿਲੋਗ੍ਰਾਮ ਵਰਗ 'ਚ ਪਿੱਤਲ ਦਾ ਤਮਗਾ ਹਾਸਲ ਕੀਤਾ ਸੀ। ਸਕੂਲੀ ਵਿਦਿਆਰਥਣ ਸ਼ਿਵਾਨੀ ਨੇ 2019 'ਚ ਹੀ ਇਕ ਰਾਸ਼ਟਰੀ ਮੁਕਾਬਲੇ 'ਚ ਅੰਡਰ-14 ਵਰਗ 'ਚ ਸੋਨੇ ਦਾ ਤਮਗਾ ਹਾਸਲ ਕੀਤਾ ਸੀ। ਛੱਤੀਸਗੜ੍ਹ 'ਚ ਨਕਸਲ ਪ੍ਰਭਾਵਿਤ ਕੋਂਡਾਗਾਂਵ ਜ਼ਿਲ੍ਹੇ 'ਚ ਆਈ.ਟੀ.ਬੀ.ਪੀ. ਜੂਡੋ ਤੋਂ ਇਲਾਵਾ ਹਾਕੀ ਅਤੇ ਤੀਰਅੰਦਾਜ਼ੀ 'ਚ ਵੀ ਸਥਾਨਕ ਸਕੂਲੀ ਬੱਚਿਆਂ ਨੂੰ ਸਿਖਲਾਈ ਦੇ ਰਿਹਾ ਹੈ। ਆਈ.ਟੀ.ਬੀ.ਪੀ. ਅਧਿਕਾਰੀਆਂ ਨੇ ਦੱਸਿਆ ਕਿ 2016 ਤੋਂ ਹੁਣ ਤੱਕ ਵੱਖ-ਵੱਖ ਖੇਡਾਂ 'ਚ 500 ਤੋਂ ਵੱਧ ਸਥਾਨਕ ਸਕੂਲੀ ਬੱਚਿਆਂ ਨੂੰ ਸਿਖਾਈ ਦਿੱਤੀ ਗਈ ਹੈ।