ਸੁਪਰੀਮ ਕੋਰਟ ਨੇ ਸ਼੍ਰੀਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦ ’ਤੇ ਮੰਗੀ ਜਾਣਕਾਰੀ
Wednesday, Oct 04, 2023 - 02:21 PM (IST)
ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਰਜਿਸਟ੍ਰਾਰ ਨੂੰ ਕਿਹਾ ਕਿ ਉਹ ਉਸ ਦੇ ਸਾਹਮਣੇ 30 ਅਕਤੂਬਰ ਨੂੰ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਸ਼੍ਰੀਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦ ਨਾਲ ਜੁੜੀ ਜਾਣਕਾਰੀ ਅਤੇ ਦਸਤਾਵੇਜ਼ ਪੇਸ਼ ਕਰਨ। ਬੈਂਚ ਨੇ 21 ਜੁਲਾਈ ਨੂੰ ਇਕ ਸੁਣਵਾਈ ਦੌਰਾਨ ਇਹ ਜਾਣਕਾਰੀ ਮੰਗੀ ਸੀ, ਜੋ ਅਜੇ ਨਹੀਂ ਮਿਲੀ ਹੈ।
ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਬੈਂਚ ਸ਼ਾਹੀ ਈਦਗਾਹ ਮਸਜਿਦ ਪ੍ਰਬੰਧਨ ਕਮੇਟੀ ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਇਸ ਪਟੀਸ਼ਨ ’ਚ ਹਾਈ ਕੋਰਟ ਦੇ 26 ਮਈ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਨੇ ਮਥੁਰਾ ਦੀ ਇਕ ਅਦਾਲਤ ਦੇ ਸਾਹਮਣੇ ਅਟਕੇ ਵਿਵਾਦ ਨਾਲ ਜੁੜੇ ਸਾਰੇ ਮਾਮਲਿਆਂ ਨੂੰ ਖੁਦ ਨੂੰ ਤਬਦੀਲ ਕਰਵਾ ਲਿਆ ਸੀ। ਸੁਪਰੀਮ ਕੋਰਟ ਨੇ 21 ਜੁਲਾਈ ਨੂੰ ਮਾਮਲੇ ’ਚ ਸੁਣਵਾਈ ਕਰਦੇ ਹੋਏ ਕਿਹਾ ਸੀ,‘ਅਸੀਂ ਹਾਈ ਕੋਰਟ ਦੇ ਰਜਿਸਟ੍ਰਾਰ ਤੋਂ ਇਹ ਪੁੱਛਣਾ ਸਹੀ ਸਮਝਦੇ ਹਾਂ ਕਿ ਉਹ ਕਿਹੜੇ ਮਾਮਲੇ ਹਨ, ਜਿਨ੍ਹਾਂ ਨੂੰ ਵਿਵਾਦਗ੍ਰਸਤ ਹੁਕਮ ਤਹਿਤ ਇਕੱਠੇ ਕਰਨ ਦੀ ਅਪੀਲ ਕੀਤੀ ਗਈ ਹੈ।’ ਬੈਂਚ ਨੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਕਿਹਾ ਕਿ ਉਸ ਨੂੰ ਹੁਣ ਤੱਕ ਹਾਈ ਕੋਰਟ ਤੋਂ ਜਾਣਕਾਰੀ ਨਹੀਂ ਮਿਲੀ ਹੈ।