ਤੇਜਸਵੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਮਾਣਹਾਨੀ ਦੀ ਸ਼ਿਕਾਇਤ ਖਾਰਿਜ
Tuesday, Feb 13, 2024 - 07:58 PM (IST)
ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਉਸ ਕਥਿਤ ਟਿੱਪਣੀ ਨੂੰ ਲੈ ਕੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਨੇਤਾ ਤੇਜਸਵੀ ਯਾਦਵ ਦੇ ਖਿਲਾਫ ਦਾਇਰ ਮਾਣਹਾਨੀ ਦੀ ਸ਼ਿਕਾਇਤ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ‘ਸਿਰਫ ਗੁਜਰਾਤੀ ਠੱਗ ਹਨ।’ ਜਸਟਿਸ ਏ. ਐੱਸ. ਓਕਾ ਅਤੇ ਜਸਟਿਸ ਉੱਜਵਲ ਭੁਈਆਂ ਦੀ ਬੈਂਚ ਨੇ ਇਸ ਗੱਲ ’ਤੇ ਗੌਰ ਕਰਨ ਤੋਂ ਬਾਅਦ ਤੇਜਸਵੀ ਨੂੰ ਰਾਹਤ ਦਿੱਤੀ ਕਿ ਉਨ੍ਹਾਂ ਆਪਣਾ ਬਿਆਨ ਵਾਪਸ ਲੈ ਲਿਆ ਹੈ।
ਬੈਂਚ ਨੇ ਕਿਹਾ ਕਿ ਪਟੀਸ਼ਨਰ ਵੱਲੋਂ ਆਪਣਾ ਬਿਆਨ ਵਾਪਸ ਲੈਣ ਦੇ ਮੱਦੇਨਜ਼ਰ ਅਸੀਂ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਇਸ ਮੁਤਾਬਕ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਅਦਾਲਤ ਨੇ 5 ਫਰਵਰੀ ਨੂੰ ਅਹਿਮਦਾਬਾਦ ਦੀ ਇਕ ਅਦਾਲਤ ਵਿਚ ਪੈਂਡਿੰਗ ਅਪਰਾਧਿਕ ਮਾਣਹਾਨੀ ਦੇ ਕੇਸ ਨੂੰ ਸੂਬੇ ਤੋਂ ਬਾਹਰ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਦੀ ਤੇਜਸਵੀ ਯਾਦਵ ਦੀ ਪਟੀਸ਼ਨ ’ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।