SC ਨੇ ਲਗਾਇਆ 100 ਰੁਪਏ ਦਾ ਜੁਰਮਾਨਾ, ਵਕੀਲ ਨੇ ਜਮਾਂ ਕਰਵਾਏ 50 ਪੈਸੇ ਦੇ 200 ਸਿੱਕੇ
Thursday, Aug 13, 2020 - 11:30 PM (IST)
ਨਵੀਂ ਦਿੱਲੀ - ਸੁਪਰੀਮ ਕੋਰਟ 'ਚ ਇੱਕ ਵਕੀਲ ਨੇ 50-50 ਪੈਸਿਆਂ ਦੇ 200 ਸਿੱਕੇ ਜਮਾਂ ਕਰਵਾਏ ਹਨ। ਇਹ ਸਿੱਕੇ ਕਈ ਵਕੀਲਾਂ ਨੇ ਆਪਣੇ ਇੱਕ ਸਾਥੀ ਵਕੀਲ 'ਤੇ ਲੱਗੇ 100 ਰੁਪਏ ਦੇ ਜੁਰਮਾਨੇ ਨੂੰ ਭਰਨ ਲਈ ਇਕੱਠੇ ਕੀਤੇ ਸਨ। ਕਿਉਂਕਿ 50 ਪੈਸੇ ਦਾ ਸਿੱਕਾ ਅੱਜ ਕੱਲ੍ਹ ਬਾਜ਼ਾਰ 'ਚ ਨਹੀਂ ਚੱਲ ਰਿਹਾ ਹੈ, ਇਸ ਲਈ ਇਹ ਆਸਾਨੀ ਨਾਲ ਉਪਲੱਬਧ ਵੀ ਨਹੀਂ ਹਨ। ਫਿਰ ਵੀ ਵਕੀਲਾਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਇਨ੍ਹਾਂ ਸਿੱਕਿਆਂ ਨੂੰ ਇਕੱਠਾ ਕੀਤਾ ਸੀ। ਇਹ ਵਕੀਲਾਂ ਦਾ ਇੱਕ ਸੰਕੇਤਕ ਵਿਰੋਧ ਹੈ ਜੋ ਕਿ ਸੁਪਰੀਮ ਕੋਰਟ ਦੇ ਵਕੀਲ 'ਤੇ ਸੁਪਰੀਮ ਕੋਰਟ ਵੱਲੋਂ 100 ਰੁਪਏ ਜੁਰਮਾਨਾ ਲਗਾਉਣ ਦੇ ਖਿਲਾਫ ਹੈ।
ਦਰਅਸਲ ਸੁਪਰੀਮ ਕੋਰਟ ਦੇ ਵਕੀਲ ਰੀਪਕ ਕੰਸਲ ਨੇ ਸੁਪਰੀਮ ਕੋਰਟ ਦੀ ਰਜਿਸਟਰੀ 'ਤੇ ਦੋਸ਼ ਲਗਾਇਆ ਸੀ ਕਿ ਰਜਿਸਟਰੀ ਵੱਡੇ ਵਕੀਲਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਮਾਮਲਿਆਂ ਨੂੰ ਸੁਣਵਾਈ ਲਈ ਹੋਰ ਲੋਕਾਂ ਦੇ ਮਾਮਲਿਆਂ ਤੋਂ ਪਹਿਲਾਂ ਸੁਣਵਾਈ ਦੀ ਸੂਚੀ 'ਚ ਸ਼ਾਮਲ ਕਰ ਦਿੰਦੀ ਹੈ।
ਵਕੀਲ ਕੰਸਲ ਨੇ ਸੁਪਰੀਮ ਕੋਰਟ 'ਚ ਮੰਗ ਦਰਜ ਕਰ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਸੈਕਸ਼ਨ ਅਫਸਰ ਅਤੇ/ਜਾਂ ਰਜਿਸਟਰੀ ਨਿਯਮਿਤ ਰੂਪ ਨਾਲ ਕੁੱਝ ਲਾਅ ਫਾਰਮ ਅਤੇ ਪ੍ਰਭਾਵਸ਼ਾਲੀ ਵਕੀਲਾਂ ਅਤੇ ਉਨ੍ਹਾਂ ਦੇ ਕੇਸਾਂ ਨੂੰ ਵੀ.ਵੀ.ਆਈ.ਪੀ. ਟ੍ਰੀਟਮੈਂਟ ਦਿੰਦੇ ਹਨ ਜੋ ਸੁਪਰੀਮ ਕੋਰਟ 'ਚ ਨਿਆਂ ਪ੍ਰਾਪਤ ਕਰਨ ਦੇ ਬਰਾਬਰ ਮੌਕੇ ਦੇ ਖਿਲਾਫ ਹੈ। ਪਟੀਸ਼ਨ 'ਚ ਸੁਪਰੀਮ ਕੋਰਟ ਵਲੋਂ ਮੰਗ ਕੀਤੀ ਗਈ ਸੀ ਕਿ ਸੁਣਵਾਈ ਲਈ ਮਾਮਲਿਆਂ ਨੂੰ ਸੂਚੀਬੱਧ ਕਰਨ 'ਚ ਕੋਇਲ ਐਂਡ ਚੂਜ ਨੀਤੀ ਨਾ ਅਪਨਾਇਆ ਜਾਵੇ ਅਤੇ ਕੋਰਟ ਰਜਿਸਟਰੀ ਨੂੰ ਨਿਰਪੱਖਤਾ ਅਤੇ ਬਰਾਬਰ ਵਿਵਹਾਰ ਦੇ ਨਿਰਦੇਸ਼ ਦਿੱਤੇ ਜਾਣ।
ਸੁਪਰੀਮ ਕੋਰਟ ਜੱਜ ਜਸਟਿਸ ਅਰੁਣ ਮਿਸ਼ਰਾ, ਜਸਟਿਸ ਐੱਸ. ਅਬਦੁਲ ਨਜ਼ੀਰ ਅਤੇ ਜਸਟਿਸ ਐੱਮ.ਆਰ. ਸ਼ਾਹ ਦੀ ਬੈਂਚ ਨੇ ਰੀਪਕ ਕੰਸਲ ਦੀ ਮੰਗ 'ਚ ਲਗਾਏ ਗਏ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ 100 ਰੁਪਏ ਦਾ ਸੰਕੇਤਕ ਜੁਰਮਾਨਾ ਲਗਾਇਆ ਸੀ। ਕੋਰਟ ਨੇ ਆਪਣੇ ਫੈਸਲੇ 'ਚ ਇਹ ਵੀ ਕਿਹਾ ਸੀ ਕਿ ”ਰਜਿਸਟਰੀ ਦੇ ਸਾਰੇ ਮੈਂਬਰ ਦਿਨ-ਰਾਤ ਤੁਹਾਡੇ ਜੀਵਨ ਨੂੰ ਆਸਾਨ ਬਣਾਉਣ ਲਈ ਕੰਮ ਕਰਦੇ ਹਨ। ਤੁਸੀਂ ਉਨ੍ਹਾਂ ਨੂੰ ਨਿਰਾਸ਼ ਕਰ ਰਹੇ ਹੋ। ਤੁਸੀਂ ਅਜਿਹੇ ਇਲਜ਼ਾਮ ਕਿਵੇਂ ਲਗਾ ਸਕਦੇ ਹੋ? ਰਜਿਸਟਰੀ ਸਾਡੇ ਅਧੀਨ ਨਹੀਂ ਹੈ। ਉਹ ਬਹੁਤ ਹੱਦ ਤੱਕ ਸੁਪਰੀਮ ਕੋਰਟ ਦਾ ਹਿੱਸਾ ਹੈ।”