SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ
Tuesday, Sep 21, 2021 - 04:33 PM (IST)
ਨਵੀਂ ਦਿੱਲੀ (ਭਾਸ਼ਾ)— ਦੇਸ਼ ਦੀਆਂ 13 ਹਾਈ ਕੋਰਟ ਨੂੰ ਨਵੇਂ ਮੁੱਖ ਜੱਜ ਮਿਲਣਗੇ, ਕਿਉਂਕਿ ਚੀਫ਼ ਜਸਟਿਸ ਐੱਨ. ਵੀ. ਰਮਨਾ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੇ ਕੋਲੇਜੀਅਮ ਨੇ ਕੇਂਦਰ ਨੂੰ ਤਰੱਕੀ ਲਈ 8 ਨਾਵਾਂ ਦੀ ਸਿਫਾਰਸ਼ ਭੇਜੀ ਹੈ। ਇਸ ਲਿਸਟ ’ਚ ਕੱਲਕਤਾ ਹਾਈ ਕੋਰਟ ਦੇ ਕਾਰਜਵਾਹਕ ਮੁੱਖ ਜੱਜ ਰਾਜੇਸ਼ ਬਿੰਦਲ ਵੀ ਸ਼ਾਮਲ ਹਨ। ਕੋਲੇਜੀਅਮ ਨੇ 5 ਮੁੱਖ ਜੱਜਾਂ ਨੂੰ ਵੱਖ-ਵੱਖ ਹਾਈ ਕੋਰਟ ਵਿਚ ਟਰਾਂਸਫਰ ਕਰਨ ਦੀ ਸਿਫਾਰਸ਼ ਵੀ ਕੀਤੀ ਹੈ। ਕੋਲੇਜੀਅਮ ਦੇ ਇਸ ਫ਼ੈਸਲੇ ਨੂੰ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਹੈ। ਜਸਟਿਸ ਯੂ. ਯੂ. ਲਲਿਤ ਅਤੇ ਜਸਟਿਸ ਏ. ਐੱਮ. ਖਾਨਵਿਲਕਰ ਵੀ ਕੋਲੇਜੀਅਮ ਦਾ ਹਿੱਸਾ ਹਨ। ਕੇਂਦਰ ਕੋਲੇਜੀਅਮ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲੈਂਦਾ ਹੈ ਤਾਂ ਜਸਟਿਸ ਬਿੰਦਲ ਇਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਬਣ ਜਾਣਗੇ।
ਸੁਪਰੀਮ ਕੋਰਟ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਕੋਲੇਜੀਅਮ ਦੀ 16 ਸਤੰਬਰ 2021 ਨੂੰ ਹੋਈ ਬੈਠਕ ਵਿਚ ਜੱਜਾਂ ਨੂੰ ਹਾਈ ਕੋਰਟ ਦੇ ਜੱਜ ਅਹੁਦੇ ’ਤੇ ਤਰੱਕੀ ਦੇਣ ਲਈ ਸਿਫਾਰਸ਼ ਕੀਤੀ ਗਈ। ਕੋਲੇਜੀਅਮ ਨੇ ਜਸਟਿਸ ਬਿੰਦਲ ਤੋਂ ਇਲਾਵਾ ਜਸਟਿਸ ਰੰਜੀਤ ਵੀ. ਮੋਰੇ, ਸਤੀਸ਼ ਚੰਦਰ ਸ਼ਰਮਾ, ਪ੍ਰਕਾਸ਼ ਸ਼੍ਰੀਵਾਸਤਵ, ਆਰ. ਵੀ. ਮਲੀਮਥ, ਰਿਤੂ ਰਾਜ ਅਵਸਥੀ, ਅਰਵਿੰਦ ਕੁਮਾਰ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਨਾਵਾਂ ਦੀ ਸਿਫਾਰਸ਼ ਕ੍ਰਮਵਾਰ- ਮੇਘਾਲਿਆ, ਤੇਲੰਗਾਨਾ, ਕੱਲਕਤਾ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਹਾਈ ਕੋਰਟ ਦੇ ਮੁੱਖ ਜੱਜ ਦੇ ਰੂਪ ’ਚ ਕੀਤੀ ਹੈ।
ਓਧਰ ਚੀਫ ਜਸਟਿਸ ਰਮਨਾ ਦੀ ਪ੍ਰਧਾਨਗੀ ਵਾਲਾ ਕੋਲੇਜੀਅਮ ਦੇਸ਼ ਵਿਚ ਉੱਚ ਨਿਆਪਾਲਿਕਾ ਵਿਚ ਵੱਡੀ ਗਿਣਤੀ ’ਚ ਖਾਲੀ ਪਏ ਅਹੁਦਿਆਂ ਨੂੰ ਭਰਨ ਲਈ ਕਦਮ ਚੁੱਕ ਰਿਹਾ ਹੈ ਅਤੇ ਇਸੇ ਕ੍ਰਮ ਵਿਚ ਉਸ ਨੇ ਇਨ੍ਹਾਂ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਦੇਸ਼ ’ਚ ਮੌਜੂਦ 25 ਹਾਈ ਕੋਰਟ ’ਚ ਜੱਜਾਂ ਦੇ ਕੁੱਲ 1080 ਅਹੁਦੇ ਹਨ, ਜਿਨ੍ਹਾਂ ’ਚੋਂ 1 ਮਈ 2021 ਤਕ 420 ਅਹੁਦੇ ਖਾਲੀ ਸਨ।