SBI ਨੇ CFO ਦੇ ਅਹੁਦੇ ਲਈ ਮੰਗੀਆਂ ਅਰਜ਼ੀਆਂ, 1 ਕਰੋੜ ਰੁਪਏ ਹੋਵੇਗਾ ਸਾਲਾਨਾ ਪੈਕੇਜ
Thursday, Jun 11, 2020 - 10:20 AM (IST)
ਨਵੀਂ ਦਿੱਲੀ (ਭਾਸ਼ਾ) : ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੈੱਸ.ਬੀ.ਆਈ. ਨੇ ਮੁੱਖ ਵਿੱਤ ਅਧਿਕਾਰੀ (ਸੀ.ਐੈੱਫ.ਓ.) ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗਵਾਈਆਂ ਹਨ। ਇਸ ਅਹੁਤੇ 'ਤੇ ਨਿਯੁਕਤੀ ਇਕਰਾਰਨਾਮੇ ਦੇ ਆਧਾਰ 'ਤੇ ਹੋਵੇਗੀ ਅਤੇ ਤਨਖਾਹ ਪੈਕੇਜ 1 ਕਰੋੜ ਰੁਪਏ ਹੋਵੇਗਾ, ਜੋ ਉਸ ਦੇ ਚੇਅਰਮੈਨ ਦੀ ਤਨਖਾਹ ਪੈਕਜ ਤੋਂ 3 ਗੁਣਾ ਤੋਂ ਵੀ ਜ਼ਿਆਦਾ ਹੈ। ਨਿਯੁਕਤੀ ਨੋਟਿਸ ਅਨੁਸਾਰ ਇਕਰਾਰਨਾਮੇ ਦੀ ਮਿਆਦ 3 ਸਾਲ ਦੀ ਹੋਵੇਗੀ ਅਤੇ ਸਾਲਾਨਾ ਪੈਕੇਜ ਸੀ.ਟੀ.ਸੀ. (ਕੰਪਨੀ ਦੀ ਲਾਗਤ) ਅਤੇ ਹੋਰ ਸਹੂਲਤਾਂ ਨੂੰ ਲੈ ਕੇ 75 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਐੈੱਸ.ਬੀ.ਆਈ. ਦੇ ਚੇਅਰਮੈਨ ਦੀ ਤਨਖਾਹ 2018-19 ਵਿਚ 29.5 ਲੱਖ ਰੁਪਏ ਸੀ।
ਨੋਟਿਸ ਅਨੁਸਾਰ ਬਿਨੈਕਾਰ ਕੋਲ ਵਿੱਤੀ ਮਾਮਲਿਆਂ ਵਿਚ 1 ਅਪ੍ਰੈਲ 2020 ਤੱਕ ਘੱਟ ਤੋਂ ਘੱਟ 15 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਉਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਲੇਖਾ ਅਤੇ ਟੈਕਸ ਮਾਮਲਿਆਂ, ਬੈਂਕ/ਵੱਡੀ ਕੰਪਨੀਆਂ, ਜਨਤਕ ਖੇਤਰਾਂ ਦੇ ਕੰਮਾਂ / ਵਿੱਤੀ ਸੰਸਥਾਨਾਂ ਵਿਚ ਕੰਮ ਕਰਨ ਦਾ ਤਜਰਬਾ ਹੋਵੇ। ਉਨ੍ਹਾਂ ਨੂੰ ਬੈਂਕ ਜਾਂ ਵਿੱਤੀ ਸੰਸਥਾਨਾਂ ਵਿਚ (5 ਸਾਲ ਸੀਨੀਅਰ ਪ੍ਰਬੰਧਨ ਪੱਧਰ 'ਤੇ) ਕੰਮ ਕਰਨ ਦਾ ਕੁੱਲ 15 ਸਾਲ ਵਿਚ 10 ਸਾਲ ਦਾ ਤਜਬਰਾ ਹੋਣਾ ਚਾਹੀਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਬੈਂਕ ਬਾਹਰੋਂ ਸੀ.ਐੈੱਫ.ਓ. (Chief Financial Officer) ਦੀ ਨਿਯੁਕਤੀ ਕਰ ਰਿਹਾ ਹੈ। ਹੁਣ ਤੱਕ ਬੈਂਕ ਦੇ ਅੰਦਰ ਦੇ ਹੀ ਅਧਿਕਾਰੀ ਇਹ ਜ਼ਿੰਮੇਦਾਰੀ ਸੰਭਾਲਦੇ ਸਨ। ਫਿਲਹਾਲ ਬੈਂਕ ਦੇ ਸੀ.ਐੈੱਫ.ਓ. ਸੀ ਵੇਂਕਟ ਨਾਗੇਸ਼ਵਰ ਹਨ ਜੋ ਉਪ ਪ੍ਰਬੰਧ ਨਿਦੇਸ਼ਕ ਹਨ।