ਹਰਿਆਣਾ : ''ਆਪ'' ਨੇ ਆਦਮਪੁਰ ਵਿਧਾਨ ਸਭਾ ਸੀਟ ''ਤੇ ਜ਼ਿਮਨੀ ਚੋਣ ''ਚ ਸਤੇਂਦਰ ਸਿੰਘ ਨੂੰ ਬਣਾਇਆ ਉਮੀਦਵਾਰ

Friday, Oct 07, 2022 - 04:02 PM (IST)

ਹਰਿਆਣਾ : ''ਆਪ'' ਨੇ ਆਦਮਪੁਰ ਵਿਧਾਨ ਸਭਾ ਸੀਟ ''ਤੇ ਜ਼ਿਮਨੀ ਚੋਣ ''ਚ ਸਤੇਂਦਰ ਸਿੰਘ ਨੂੰ ਬਣਾਇਆ ਉਮੀਦਵਾਰ

ਹਰਿਆਣਾ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਲਈ ਅਗਲੇ ਮਹੀਨੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਤਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਸੁਸ਼ੀਲ ਗੁਪਤਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਰਹਿ ਚੁੱਕੇ ਸਿੰਘ ਪਿਛਲੇ ਮਹੀਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਹਰਿਆਣਾ ਦੇ ਹਿਸਾਰ 'ਚ 'ਆਪ' 'ਚ ਸ਼ਾਮਲ ਹੋਏ ਸਨ। ਸਿੰਘ ਨੇ 'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਸੀ ਕਿ ਉਹ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ ਅਤੇ ਆਦਮਪੁਰ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦੇ ਹਨ। 'ਆਪ' ਪਹਿਲੀ ਵੱਡੀ ਪਾਰਟੀ ਹੈ, ਜਿਸ ਨੇ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਕਾਰਨ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ।

ਇਹ ਜ਼ਿਮਨੀ ਚੋਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਛੋਟੇ ਪੁੱਤਰ ਬਿਸ਼ਨੋਈ ਲਈ ਇਹ ਕਾਫ਼ੀ ਅਹਿਮ ਹੈ ਕਿਉਂਕਿ ਇਹ ਸੀਟ ਪਿਛਲੇ 5 ਦਹਾਕਿਆਂ ਤੋਂ ਉਨ੍ਹਾਂ ਦੇ ਪਰਿਵਾਰ ਦਾ ਗੜ੍ਹ ਰਹੀ ਹੈ। ਹਿਸਾਰ ਦੇ ਪਿੰਡ ਨਯੋਲੀ ਖੁਰਦ ਦੇ ਰਹਿਣ ਵਾਲੇ ਸਿੰਘ ਨੂੰ 2014 'ਚ ਕਾਂਗਰਸ ਦੀ ਟਿਕਟ 'ਤੇ ਆਦਮਪੁਰ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ 'ਚ ਉਹ ਭਾਜਪਾ 'ਚ ਸ਼ਾਮਲ ਹੋ ਗਏ। ਬਿਸ਼ਨੋਈ 2014 'ਚ ਹਰਿਆਣਾ ਜਨਹਿਤ ਕਾਂਗਰਸ ਦੇ ਆਗੂ ਸਨ, ਜਿਸ ਦਾ ਉਨ੍ਹਾਂ ਨੇ 2016 'ਚ ਕਾਂਗਰਸ 'ਚ ਰਲੇਵਾਂ ਕਰ ਦਿੱਤਾ ਸੀ, ਕਿਉਂਕਿ ਉਹ ਉਸ 'ਚ ਵਾਪਸ ਆ ਗਏ ਸਨ। ਹਾਲਾਂਕਿ 2 ਮਹੀਨੇ ਪਹਿਲਾਂ ਉਨ੍ਹਾਂ ਨੇ ਮੁੜ ਕਾਂਗਰਸ ਛੱਡ ਦਿੱਤੀ। 'ਆਪ' ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਗੁਪਤਾ ਨੇ ਹਿਸਾਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,''ਹੁਣ ਮੁਕਾਬਲਾ ਆਦਮਪੁਰ ਦੇ ਬੇਟੇ (ਸਤੇਂਦਰ) ਅਤੇ ਭਾਜਪਾ ਦੇ ਕੁਲਦੀਪ ਬਿਸ਼ਨੋਈ ਦਰਮਿਆਨ ਹੈ, ਜੋ ਆਦਮਪੁਰ ਸਿਰਫ਼ ਪਿਕਨਿਕ ਲਈ ਆਉਂਦੇ ਹਨ।'' ਜ਼ਿਮਨੀ ਚੋਣ 3 ਨਵੰਬਰ ਨੂੰ ਹੋਵੇਗੀ ਅਤੇ ਨਤੀਜਿਆਂ ਦਾ ਐਲਾਨ 6 ਨਵੰਬਰ ਨੂੰ ਹੋਵੇਗਾ।

 


author

DIsha

Content Editor

Related News