ਸਤਲੋਕ ਆਸ਼ਰਮ ਕਾਂਡ : ਦੇਸ਼ਧ੍ਰੋਹ ਦੇ ਮੁਕੱਦਮੇ ’ਚ ਬਜ਼ੁਰਗ ਸਮੇਤ 5 ਦੋਸ਼ੀ 8 ਸਾਲ ਬਾਅਦ ਗ੍ਰਿਫਤਾਰ
Wednesday, Nov 16, 2022 - 11:52 AM (IST)
ਹਿਸਾਰ (ਸਵਾਮੀ)– ਬਰਵਾਲਾ ਥਾਣਾ ਪੁਲਸ ਨੇ 8 ਸਾਲ ਪਹਿਲਾਂ ਦਰਜ ਕੀਤੇ ਗਏ ਸਤਲੋਕ ਆਸ਼ਰਮ ਕਾਂਡ ਦੇ ਦੇਸ਼ਧ੍ਰੋਹ ਦੇ ਮੁਕੱਦਮੇ ਵਿਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਇਨ੍ਹਾਂ ਦੋਸ਼ੀਆਂ ਦੀ ਲੰਬੇ ਅਰਸੇ ਤੋਂ ਤਲਾਸ਼ ਸੀ।
ਪੁਲਸ ਨੇ ਜੀਂਦ ਦੀ 74 ਸਾਲਾ ਸ਼ਸ਼ੀ ਪ੍ਰਭਾ, ਪਟੇਲ ਨਗਰ ਦੇ ਮਨੋਜ ਕੁਮਾਰ, ਜੀਂਦ ਦੇ ਸੰਗਤਪੁਰਾ ਪਿੰਡ ਦੇ ਮਨਵੀਰ ਅਤੇ ਰੋਹਤਕ ਦੇ ਪਿੰਡ ਗਾਂਧਰਾ ਦੇ ਮੁਕੇਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੀ ਤਲਾਸ਼ ਵਿਚ ਕਾਫੀ ਜਗ੍ਹਾ ਛਾਪੇ ਮਾਰ ਚੁੱਕੀ ਸੀ ਪਰ ਉਹ ਹੱਥ ਨਹੀਂ ਲੱਗੇ ਸਨ। ਉਹ 8 ਸਾਲ ਤੋਂ ਪੁਲਸ ਤੋਂ ਬਚਣ ਲਈ ਟਿਕਾਣੇ ਬਦਲ ਰਹੇ ਸਨ।
ਜ਼ਿਕਰਯੋਗ ਹੈ ਕਿ ਨਵੰਬਰ 2014 ਵਿਚ ਬਰਵਾਲਾ ਸਥਿਤ ਸਤਲੋਕ ਆਸ਼ਰਮ ਵਿਚ ਆਸ਼ਰਮ ਮੁਖੀ ਰਾਮਪਾਲ ਦੇ ਹਮਾਇਤੀਆਂ ਅਤੇ ਪੁਲਸ ਕਰਮਚਾਰੀਆਂ ਦਰਮਿਆਨ ਟਕਰਾਅ ਹੋ ਗਿਆ ਸੀ। ਪੁਲਸ ਰਾਮਪਾਲ ਨੂੰ ਫੜ੍ਹਨਾ ਚਾਹੁੰਦੀ ਸੀ। ਉਦੋਂ ਰਾਮਪਾਲ ਆਸ਼ਰਮ ਦੇ ਅੰਦਰ ਸੀ ਅਤੇ ਉਸ ਦੇ ਹਮਾਇਤੀ ਆਸ਼ਰਮ ਦੇ ਅੱਗੇ ਇਕੱਠੇ ਹੋ ਗਏ ਸਨ। ਪੁਲਸ ਕਰਮਚਾਰੀ ਅੱਗੇ ਵਧੇ ਤਾਂ ਦੋਵਾਂ ਪੱਖਾਂ ਵਿਚ ਟਕਰਾਅ ਹੋ ਗਿਆ ਸੀ। ਪੁਲਸ ਨੇ ਆਖਿਰਕਾਰ ਚਾਰੋ ਪਾਸਿਓਂ ਆਸ਼ਰਮ ਘੇਰ ਕੇ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ ਨੂੰ ਕਾਬੂ ਕਰ ਕੇ ਆਸ਼ਰਮ ਮੁਖੀ ਨੂੰ ਹਿਰਾਸਤ ਵਿਚ ਲਿਆ ਸੀ। ਬਰਵਾਲਾ ਥਾਣਾ ਪੁਲਸ ਨੇ ਉਸ ਸੰਬੰਧੀ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਸੀ। ਉਹ ਮੁਕੱਦਮਾ ਹੁਣ ਕੋਰਟ ਵਿਚ ਵਿਚਾਰਅਧੀਨ ਸੀ, ਜਿਸ ਵਿਚ ਆਸ਼ਰਮ ਮੁਖੀ ਸਮੇਤ 900 ਤੋਂ ਵਧ ਦੋਸ਼ੀ ਹਨ।