ਸਰਨਾ ਵੱਲੋਂ ਗਲਾਸਗੋ ਘਟਨਾ ਦੀ ਨਿਖੇਧੀ, ਸਕਾਟਲੈਂਡ ਯਾਰਡ ਤੋਂ ਕੀਤੀ ਜਾਂਚ ਦੀ ਅਪੀਲ

Sunday, Oct 01, 2023 - 11:41 AM (IST)

ਨਵੀਂ ਦਿੱਲੀ- ਦਿੱਲੀ ਅਕਾਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗਲਾਸਗੋ ਦੇ ਇਕ ਗੁਰਦੁਆਰਾ ਸਾਹਿਬ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਦਾਖ਼ਲ ਨਾ ਹੋਣ ਦੇਣ ਵਾਲੇ ਦੋ ਸਿੱਖ ਵਿਅਕਤੀਆਂ ਦੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ। ਸਰਨਾ ਨੇ ਇਸ ਨੂੰ ਭਾਈਚਾਰੇ ਨੂੰ ਬਦਨਾਮ ਕਰਨ ਦੀ ਇਕ ਸੰਭਾਵੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਭਰ ਦੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ, ਸੇਵਾ ਕਰਨ ਅਤੇ ਗੁਰੂ ਕਾ ਲੰਗਰ ਛਕਣ ਲਈ ਸਾਰਿਆਂ ਦਾ ਸੁਆਗਤ ਹੈ। ਇਹ ਸਿੱਖੀ ਦਾ ਮੂਲ ਸੰਕਲਪ ਵੀ ਹੈ। 

ਇਹ ਵੀ ਪੜ੍ਹੋ-  ਬ੍ਰਿਟੇਨ 'ਚ ਭਾਰਤੀ ਰਾਜਦੂਤ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਤੋਂ ਰੋਕਿਆ

ਸਰਨਾ ਮੁਤਾਬਕ ਅਸੀਂ ਨਹੀਂ ਜਾਣਦੇ ਕਿ ਉਹ ਦੋ ਵਿਅਕਤੀ ਕੌਣ ਸਨ। ਇਨ੍ਹਾਂ ਨੂੰ ਗਲਾਸਗੋ ਗੁਰਦੁਆਰੇ ਦੀ ਪਾਰਕਿੰਗ ਵਿਚ ਕਿਸ ਨੇ ਜ਼ਾਹਰ ਤੌਰ 'ਤੇ ਵੀਡੀਓ ਬਣਾ ਕੇ ਸ਼ਰਾਰਤੀ ਢੰਗ ਨਾਲ ਪ੍ਰਸਾਰਿਤ ਕਰਨ ਲਈ ਹਰ ਪਾਸੇ ਫੈਲਾਉਣ ਲਈ ਲਾਇਆ ਸੀ? ਪਰ ਅਸੀਂ ਯਕੀਨ ਨਾਲ ਆਖ ਸਕਦੇ ਹਾਂ ਕਿ ਉਨ੍ਹਾਂ ਦੋ ਵਿਅਕਤੀਆਂ ਨੂੰ ਸਿੱਖੀ ਕੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਸਰਨਾ ਨੇ ਦੁਨੀਆ ਭਰ ਦੇ ਭਾਈਚਾਰੇ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਕਿਉਂਕਿ ਵੀਡੀਓ 'ਚ ਕੈਦ ਕੀਤੀਆਂ ਗਈਆਂ ਅਜਿਹੀਆਂ ਕਾਰਵਾਈਆਂ ਰਾਹੀਂ ਸਮਾਜਿਕ ਮਾਹੌਲ ਨੂੰ ਵਿਗਾੜਨ ਦੀ ਸਾਜ਼ਿਸ਼ ਰਚੀ ਗਈ ਹੈ। ਸਰਨਾ ਨੇ ਕਿਹਾ ਕਿ ਗਲਾਸਗੋ 'ਚ ਜੋ ਕੁਝ ਵਾਪਰਿਆ ਉਹ ਨਿੰਦਣਯੋਗ ਹੈ ਅਤੇ ਸਪੱਸ਼ਟ ਤੌਰ 'ਤੇ ਸ਼ਰਾਰਤੀ ਅਨਸਰਾਂ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਕੀਤੇ ਗਏ ਪ੍ਰਚਾਰ ਨੂੰ ਦਰਸਾਉਂਦਾ ਹੈ। ਸਕਾਟਲੈਂਡ ਦੇ ਅਧਿਕਾਰੀਆਂ ਨੂੰ ਗਲਾਸਗੋ ਘਟਨਾ ਦੀ ਤਹਿ ਤੱਕ ਪਹੁੰਚਣਾ ਚਾਹੀਦਾ ਹੈ। 

ਇਹ ਵੀ ਪੜ੍ਹੋ-  ਗਲਾਸਗੋ ਦੇ ਗੁਰਦੁਆਰਾ ਸਾਹਿਬ 'ਚ ਭਾਰਤੀ ਅੰਬੈਸਡਰ ਦਾ ਸਨਮਾਨ ਰੋਕੇ ਜਾਣ 'ਤੇ ਡੱਲੇਵਾਲ ਦਾ ਅਹਿਮ ਬਿਆਨ

ਜ਼ਿਕਰਯੋਗ ਹੈ ਕਿ ਯੂਨਾਈਟਿਡ ਕਿੰਗਡਮ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸ਼ੁੱਕਰਵਾਰ ਨੂੰ ਸਕਾਟਲੈਂਡ ਦੇ ਗਲਾਸਗੋ 'ਚ ਇਕ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। 'ਸਿੱਖ ਯੂਥ ਯੂ.ਕੇ' ਦੇ ਇੰਸਟਾਗ੍ਰਾਮ ਚੈਨਲ 'ਤੇ ਪੋਸਟ ਕੀਤੀ ਇਕ ਵੀਡੀਓ ਮੁਤਾਬਕ ਵਿਅਕਤੀ ਖਾਲਿਸਤਾਨੀ ਸਮਰਥਕ ਕਾਰਕੁਨ ਦੋਰਾਇਸਵਾਮੀ ਨੂੰ ਗਲਾਸਗੋ ਗੁਰਦੁਆਰੇ 'ਚ ਦਾਖਲ ਹੋਣ ਤੋਂ ਰੋਕਦਾ ਦੇਖਿਆ ਗਿਆ ਸੀ। ਵੀਡੀਓ 'ਚ ਪਾਰਕਿੰਗ ਖੇਤਰ 'ਚ ਹਾਈ ਕਮਿਸ਼ਨਰ ਦੀ ਕਾਰ ਦੇ ਨੇੜੇ ਦੋ ਆਦਮੀ ਦਿਖਾਈ ਦੇ ਰਹੇ ਹਨ। ਇਨ੍ਹਾਂ 'ਚੋਂ ਇਕ ਵਿਅਕਤੀ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ, ਜੋ ਅੰਦਰੋਂ ਬੰਦ ਹੈ। ਦਰਅਸਲ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਦੌਰਾਨ ਇਹ ਗੱਲ ਸਾਹਮਣੇ ਆਈ ਹੈ। 
 


Tanu

Content Editor

Related News