ਸਰਨਾ ਭਰਾਵਾਂ ਨੇ ਸੁਖਬੀਰ ਬਾਦਲ ਨੂੰ 10 ਕਰੋੜ ਰੁਪਏ ਦੇ ਕੇ ਲਈ ਸ਼੍ਰੋਮਣੀ ਕਮੇਟੀ ਦੀ ਅਹਿਮ ਜ਼ਿੰਮੇਵਾਰੀ : ਕਾਲਕਾ
Tuesday, Oct 04, 2022 - 07:48 PM (IST)
ਨਵੀਂ ਦਿੱਲੀ (ਬਿਊਰੋ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਥੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਸਰਨਾ ਭਰਾਵਾਂ ਦੀ ਪਾਰਟੀ ਦੇ ਮੈਂਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਦਾਅਵਾ ਕੀਤਾ ਕਿ ਖੁਦ ਅਤੇ ਆਪਣੇ ਪਰਿਵਾਰ ਨੂੰ ਈ. ਡੀ. ਤੇ ਸੀ. ਬੀ. ਆਈ. ਦੇ ਜੰਜਾਲ ’ਚ ਫਸਿਆ ਦੇਖ ਹਰਵਿੰਦਰ ਸਿੰਘ ਸਰਨਾ ਨੇ ਸੁਖਬੀਰ ਸਿੰਘ ਬਾਦਲ ਨੂੰ 10 ਕਰੋੜ ਦੀ ਮੋਟੀ ਰਕਮ ਦੇ ਕੇ ਦਿੱਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਲੈਣ ਦਾ ਸੌਦਾ ਕੀਤਾ ਹੈ। ਕਾਲਕਾ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੇ ਪਰਿਵਾਰ ’ਤੇ ਹਮਲਾ ਕਰਨ ਦਾ ਨਹੀਂ ਸੀ ਪਰ ਸ਼ਰਾਬ ਘਪਲੇ ’ਚ ਈ. ਡੀ. ਤੇ ਸੀ. ਬੀ. ਆਈ. ਦਫ਼ਤਰ ’ਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਹਾਜ਼ਰੀ ਲਾ ਰਹੇ ਸਰਨਾ ਭਰਾਵਾਂ ਦੇ ਪਰਿਵਾਰ ਦੀ ਸੰਭਾਵੀ ਗ੍ਰਿਫ਼ਤਾਰੀ ਤੋਂ ਬਚਣ ਲਈ ਧਨ ਦੌਲਤ ਦੇ ਬਲ ’ਤੇ ਪੰਥਕ ਚੋਲਾ ਪਹਿਨਣਾ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਪੰਜਾਬ ’ਚ ਸਰਨਾ ਪਰਿਵਾਰ ਦੇ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਵਾਉਣ ਲਈ ਇਨ੍ਹਾਂ ਦੀ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਲਗਾਇਆ ਉਥੇ ਹੀ ਅੱਜ ਉਨ੍ਹਾਂ ਦੀ ਸਰਪ੍ਰਸਤੀ ਕਿਵੇਂ ਸਵੀਕਾਰ ਕਰ ਸਕਦੇ ਹਨ।
ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪੱਧਰ ’ਤੇ ਇਸ ਗੱਲ ਦੀ ਜਾਂਚ ਕਰਵਾਉਣ ਕਿ ਸਰਨਾ ਭਰਾਵਾਂ ਵੱਲੋਂ ਬਾਦਲਾਂ ਨੂੰ ਕਰੋੜਾਂ ਰੁਪਏ ਦੀ ਵੱਡੀ ਰਕਮ ਦੇਣ ਲਈ ਪੰਜਾਬ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿੱਲੀ ’ਚ ਵੱਡੀ ਜ਼ਿੰਮੇਵਾਰੀ ਲਾਈ ਜਾ ਰਹੀ ਹੈ। ਕਾਲਕਾ ਨੇ ਦੋਸ਼ ਲਾਇਆ ਕਿ ਦਿੱਲੀ ਕਮੇਟੀ ਚੋਣਾਂ ’ਚ ਸਰਨਾ ਦੀ ਪਾਰਟੀ ਨੂੰ ਸਿੱਖ ਸੰਗਤ ਵੱਲੋਂ ਨਕਾਰ ਦਿੱਤਾ ਗਿਆ ਅਤੇ ਗੁਰੂ ਘਰ ਤੋਂ ਦੂਰ ਕਰਨ ਦਾ ਕੰਮ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬੌਖਲਾ ਕੇ ਇਨ੍ਹਾਂ ਨੇ ਆਪਣੇ ਪੈਸੇ ਦੇ ਜ਼ੋਰ ’ਤੇ ਸਾਡੇ ਕਈ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕਾਮਯਾਬ ਨਹੀਂ ਹੋ ਸਕੇ ਤਾਂ ਅੱਜ ਬਾਦਲਾਂ ਦੀ ਪਾਰਟੀ ਦਾ ਹਿੱਸਾ ਬਣਨ ਲਈ ਉਤਾਵਲੇ ਹਨ, ਜਿਸ ਦੇ ਖ਼ਿਲਾਫ਼ ਉਹ ਚੋਣਾਂ ’ਚ ਬਰਗਾੜੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਰਗੇ ਕਈ ਗੰਭੀਰ ਦੋਸ਼ ਲਗਾਉਂਦੇ ਰਹੇ ਹਨ।
ਕਾਲਕਾ ਨੇ ਬਾਦਲ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਜਿਨ੍ਹਾਂ ਸਰਨਾ ਭਰਾਵਾਂ ’ਤੇ 1984 ’ਚ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਅਤੇ ਕਾਂਗਰਸ ਦੇ ਆਗੂਆਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਸਟੇਜ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦੇ ਗੰਭੀਰ ਦੋਸ਼ ਲੱਗਦੇ ਰਹੇ ਹੋਣ, ਉਨ੍ਹਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਨਾ ਸਾਬਿਤ ਕਰਦਾ ਹੈ ਕਿ ਇਸ ਮਾਮਲੇ ’ਚ ਕਰੋੜਾਂ ਰੁਪਏ ਦੀ ਮੋਟੀ ਰਕਮ ਦਾ ਲੈਣ ਦੇਣ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬਾਦਲਾਂ ਨੂੰ ਆਪਣੀ ਪਾਰਟੀ ਦੇ ਵਫ਼ਾਦਾਰ ਕੱਟੜ ਚਿਹਰਿਆਂ ਨਾਲੋਂ ਦਿੱਲੀ ’ਚ ਅਮੀਰ ਚਿਹਰੇ ਦੀ ਲੋੜ ਸੀ, ਭਾਵੇਂ ਕਿ ਉਨ੍ਹਾਂ ਦੇ ਪਰਿਵਾਰ ’ਤੇ ਸ਼ਰਾਬ ਮਾਫੀਆ ਅਤੇ ਨਸ਼ਿਆਂ ਦੇ ਕਾਰੋਬਾਰ ਵਰਗੇ ਗੰਭੀਰ ਦੋਸ਼ ਲੱਗੇ ਹੋਣ। ਪ੍ਰੈੱਸ ਕਾਨਫਰੰਸ ’ਚ ਦਿੱਲੀ ਕਮੇਟੀ ਦੇ ਸਕੱਤਰ ਜਸਮੇਨ ਸਿੰਘ ਨੋਨੀ, ਐੱਮ. ਪੀ. ਐੱਸ. ਚੱਢਾ, ਤਰਵਿੰਦਰ ਸਿੰਘ ਮਰਵਾਹ, ਵਿਕਰਮ ਸਿੰਘ ਰੋਹਿਣੀ, ਭੁਪਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ ਭਾਟੀਆ, ਗੁਰਦੇਵ ਸਿੰਘ ਆਦਿ ਵੀ ਹਾਜ਼ਰ ਸਨ।