ਦੁਨੀਆ ਦਾ ਇਕ ਹੋਰ ਅਜੂਬਾ ਹੋਵੇਗੀ ''ਸਰਦਾਰ ਵੱਲਭ ਭਾਈ ਪਟੇਲ'' ਦੀ ਸਟੈਚੂ ਆਫ ਯੂਨਿਟੀ
Monday, Oct 15, 2018 - 10:50 AM (IST)

ਅਹਿਮਦਾਬਾਦ (ਏਜੰਸੀ)— ਗੁਜਰਾਤ ਵਿਚ ਬਣੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਨੂੰ ਅੰਤਿਮ ਰੂਪ ਦੇਣ ਲਈ ਕਰੀਬ 3400 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ। ਇਹ ਮੂਰਤੀ ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਿਤ ਹੈ। ਇਸ ਮੂਰਤੀ ਦੀ ਉੱਚਾਈ 182 ਮੀਟਰ ਹੈ। ਇਹ ਮੂਰਤੀ ਗੁਜਰਾਤ ਦੇ ਨਰਮਦਾ ਜ਼ਿਲੇ 'ਚ ਨਦੀ ਦੇ ਤੱਟ 'ਤੇ ਬਣੀ ਹੈ। ਇਸ ਮੂਰਤੀ ਦੀ ਘੁੰਡ ਚੁਕਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜਯੰਤੀ ਮੌਕੇ ਕਰਨਗੇ।
182 ਮੀਟਰ ਉੱਚੀ ਇਸ ਮੂਰਤੀ ਨੂੰ ਬਣਾਉਣ ਵਿਚ ਹਜ਼ਾਰਾਂ ਮਜ਼ਦੂਰ ਅਤੇ ਸੈਂਕੜੇ ਇੰਜੀਨੀਅਰ ਮਹੀਨਿਆਂ ਤਕ ਜੁਟੇ ਹੀ ਸਨ ਅਤੇ ਨਾਲ ਹੀ ਅਮਰੀਕਾ ਅਤੇ ਚੀਨ ਦੇ ਸ਼ਿਲਪਕਾਰਾਂ ਨੇ ਵੀ ਸਖਤ ਮਿਹਨਤ ਕੀਤੀ। ਸਰਦਾਰ ਦਾ ਚਿਹਰਾ ਅਤੇ ਭਾਵਨਾ ਜ਼ਾਹਰ ਕਰਨ ਲਈ ਕਾਫੀ ਸਮਾਂ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਮੂਰਤੀ ਦੁਨੀਆ ਦੇ ਅਜੂਬੇ ਵਿਚ ਗਿਣੀ ਜਾਵੇ, ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਦੁਨੀਆ ਵਿਚ ਸਭ ਤੋਂ ਉੱਚੀਆਂ ਮੂਰਤੀਆਂ ਦਾ ਇਤਿਹਾਸ ਖੰਗਾਲਿਆ ਤਾਂ ਚੀਨ ਵਿਚ ਬੁੱਧ ਦੀ ਮੂਰਤੀ ਸਭ ਤੋਂ ਉੱਚੀ 128 ਮੀਟਰ ਸੀ, ਉਸ ਤੋਂ ਬਾਅਦ ਅਮਰੀਕਾ ਦਾ ਸਟੈਚੂ ਆਫ ਲਿਬਰਟੀ 93 ਮੀਟਰ ਹੈ।
ਮੋਦੀ ਲਈ ਭਾਰਤ ਵਿਚ ਨਦੀ ਦੇ ਕਿਨਾਰੇ 182 ਮੀਟਰ ਉੱਚੀ ਮੂਰਤੀ ਨੂੰ ਖੜ੍ਹਾ ਕਰਨ ਦਾ ਸੁਪਨਾ ਦੇਖਣਾ ਅਤੇ ਉਸ ਨੂੰ ਸਾਕਾਰ ਕਰਨਾ ਇਕ ਵੱਡੀ ਚੁਣੌਤੀ ਵਾਲਾ ਕੰਮ ਰਿਹਾ। ਮੋਦੀ ਚਾਹੁੰਦੇ ਸਨ ਕਿ ਸਰਦਾਰ ਲੋਕਾਂ ਦੇ ਦਿਲਾਂ ਵਿਚ ਜਿਸ ਤਰ੍ਹਾਂ ਵੱਸੇ ਹਨ, ਮੂਰਤੀ ਦਾ ਰੂਪ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਸਰਦਾਰ ਜੀ ਦੀ ਮੂਰਤੀ ਨੂੰ ਬਣਾਉਣ ਵਿਚ ਕਰੀਬ 44 ਮਹੀਨੇ ਦਾ ਸਮਾਂ ਲੱਗਾ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ। ਜਦਕਿ ਅਮਰੀਕਾ ਦੀ ਸਟੈਚੂ ਆਫ ਲਿਬਰਟੀ ਦੇ ਨਿਰਮਾਣ ਵਿਚ 5 ਸਾਲ ਦਾ ਸਮਾਂ ਲੱਗਾ ਸੀ। ਸ਼ਿਲਪਕਾਰ ਰਾਮ ਸੁਤਾਰ ਦਾ ਕਹਿਣਾ ਹੈ ਕਿ ਮੂਰਤੀ ਨੂੰ ਸਿੱਧੂ ਘਾਟੀ ਸੱਭਿਅਤਾ ਦੀ ਕਲਾ ਤੋਂ ਬਣਾਇਆ ਗਿਆ ਹੈ। ਇਸ ਵਿਚ 4 ਧਾਤੂਆਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਵਿਚ ਜੰਗ ਨਹੀਂ ਲੱਗੇਗੀ।