550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਕਰਨਾਲ ਲਈ ਬਾਈਕ ਰੈਲੀ ਰਵਾਨਾ
Sunday, Oct 06, 2019 - 12:13 PM (IST)

ਨਵੀਂ ਦਿੱਲੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਕਮੇਟੀ ਵਲੋਂ ਦਿੱਲੀ ਤੋਂ ਕਰਨਾਲ (ਹਰਿਆਣਾ) ਤਕ ਲਈ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ। ਐਤਵਾਰ ਦੀ ਸਵੇਰ ਨੂੰ ਦਿੱਲੀ ਦੇ ਗੁਰਦੁਆਰਾ ਸਾਹਿਬ ਰਕਾਬ ਗੰਜ ਤੋਂ ਮੋਟਰਸਾਈਕਲ ਰੈਲੀ ਨੂੰ ਰਵਾਨਾ ਕੀਤਾ ਗਿਆ। ਇਸ ਨੂੰ 'ਸਰਬੱਤ ਦਾ ਭਲਾ' ਰੈਲੀ ਨਾਂ ਦਿੱਤਾ ਗਿਆ ਹੈ। ਇਸ ਦਾ ਮਕਸਦ ਸਮਾਜ ਵਿਚ ਭਾਈਚਾਰਾ, ਸ਼ਾਂਤੀ, ਪਿਆਰ ਅਤੇ ਮਨੁੱਖਤਾ ਦਾ ਸੰਦੇਸ਼ ਦੇਣਾ ਹੈ। ਇਹ ਰੈਲੀ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਜਾਵੇਗੀ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ 250 ਕਿਲੋਮੀਟਰ ਦੀ ਇਸ ਮੋਟਰਸਾਈਕਲ ਰੈਲੀ 'ਚ ਦੇਸ਼ ਭਰ ਦੇ 1500 ਤੋਂ ਵਧ ਲੋਕ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਇਕ ਇਹ ਰੈਲੀ ਰਸਤੇ ਵਿਚ ਕੁੰਡਲੀ ਬਾਰਡਰ, ਪਾਨੀਪਤ, ਕਰਨਾਲ, ਅੰਬਾਲਾ ਅਤੇ ਫਤਿਹਗੜ੍ਹ ਸਾਹਿਬ 'ਚ ਰੁੱਕੇਗੀ ਅਤੇ ਇੱਥੇ ਸਥਾਨਕ ਸਿੱਖ ਅਤੇ ਹੋਰ ਜਥਬੰਦੀਆਂ ਵਲੋਂ ਦੇ ਮੋਟਰਸਾਈਕਲ ਚਾਲਕਾਂ ਨੂੰ ਸਨਮਾਨਤ ਕਰਨਗੇ।
ਮੋਟਰਸਾਈਕਲ ਚਾਲਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਗੁਰੂ ਜੀ ਦੀ ਜੀਵਨ ਬਾਰੇ ਗਿਆਨ ਵੀ ਵੰਡਿਆ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸੰਦੇਸ਼ਾਂ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਨ ਲਈ ਲੋਗੋ ਅਤੇ ਪੋਸਟਰਾਂ ਜ਼ਰੀਏ ਸਜਾਇਆ ਗਿਆ ਹੈ। ਵੱਡੀ ਗੱਲ ਹੈ ਕਿ ਇਸ ਰੈਲੀ 'ਚ ਹਿੱਸਾ ਲੈਣ ਵਾਲੇ ਪ੍ਰਤੀਭਾਗੀ ਖੁਦ ਖਰਚਾਂ ਕਰਨਗੇ, ਜਿਸ ਵਿਚ ਈਂਧਨ ਅਤੇ ਹੋਰ ਖਰਚੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਮਨਾਇਆ ਜਾਵੇਗਾ।