ਨਵਾਂ ਖੁਲਾਸਾ : ਇਕ ਫੋਨ ਦੇ ਆਉਂਦਿਆਂ ਹੀ ਘਬਰਾ ਜਾਂਦੇ ਸਨ ਭਈਯੂ ਜੀ ਮਹਾਰਾਜ
Sunday, Jun 17, 2018 - 10:15 AM (IST)

ਇੰਦੌਰ— ਸੰਤ ਭਈਯੂ ਜੀ ਮਹਾਰਾਜ ਦੇ ਸੁਸਾਈਡ ਮਾਮਲੇ ਵਿਚ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਪੁਲਸ ਨੂੰ ਹੋਰ ਨਵੀਆਂ ਜਾਣਕਾਰੀਆਂ ਮਿਲੀਆਂ ਹਨ। ਮੁਢਲੀ ਜਾਂਚ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਆਤਮ-ਹੱਤਿਆ ਕਰਨ ਤੋਂ 7 ਦਿਨ ਪਹਿਲਾਂ ਤੱਕ ਭਈਯੂ ਜੀ ਬਹੁਤ ਟੈਨਸ਼ਨ ਵਿਚ ਸਨ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਟੈਨਸ਼ਨ ਦਾ ਕਾਰਨ ਪਤਨੀ ਅਤੇ ਬੇਟੀ ਦਰਮਿਆਨ ਵਿਵਾਦ ਹੀ ਨਹੀਂ ਸੀ, ਸਗੋਂ ਕਈ ਹੋਰ ਕਾਰਨ ਵੀ ਸਨ। ਕਈ ਟਰੱਸਟੀ ਹੌਲੀ-ਹੌਲੀ ਅਹੁਦਾ ਛੱਡ ਰਹੇ ਸਨ। ਉਦਯੋਗਪਤੀ ਅਤੇ ਦਾਨਦਾਤਾ ਵੀ ਘੱਟ ਆ ਰਹੇ ਸਨ, ਜਿਸ ਕਾਰਨ ਭਈਯੂ ਜੀ ਪ੍ਰੇਸ਼ਾਨ ਸਨ। ਪੁਲਸ ਮੁਤਾਬਕ ਬੇਟੀ ਕੁਹੂ ਨੂੰ ਲੰਡਨ ਸ਼ਿਫਟ ਕਰਨ ਦੇ ਚੱਕਰ ਵਿਚ ਉਨ੍ਹਾਂ ਦੇ 10 ਲੱਖ ਰੁਪਏ ਤੋਂ ਵੱਧ ਖਰਚ ਹੋ ਚੁੱਕੇ ਸਨ। ਇਸ ਕਾਰਨ ਪਰਿਵਾਰ ਦੇ ਕਈ ਮੈਂਬਰ ਨਾਰਾਜ਼ ਸਨ। ਇਕ ਫੋਨ ਕਾਲ ਆਉਣ 'ਤੇ ਵੀ ਉਹ ਕਈ ਵਾਰ ਘਬਰਾ ਜਾਂਦੇ ਸਨ। ਆਤਮ-ਹੱਤਿਆ ਤੋਂ ਦੋ ਦਿਨ ਪਹਿਲਾਂ ਮਹਾਰਾਜ ਨੇ ਕਿਸੇ ਨਾਲ 10 ਲੱਖ ਰੁਪਏ ਦੇ ਕਰਜ਼ੇ ਦੀ ਗੱਲ ਕੀਤੀ ਸੀ। ਉਹ ਆਪਣੀ ਬੇਟੀ ਨੂੰ ਕਰਜ਼ਾ ਲੈ ਕੇ ਲੰਡਨ ਭੇਜਣਾ ਚਾਹੁੰਦੇ ਸਨ। ਕਈ ਵਾਰ ਅਜਿਹੀਆਂ ਫੋਨ ਕਾਲਾਂ ਵੀ ਆਉਂਦੀਆਂ ਸਨ, ਜਿਨ੍ਹਾਂ ਨੂੰ ਸੁਣਨ ਪਿਛੋਂ ਉਹ ਅਤਿਅੰਤ ਪ੍ਰੇਸ਼ਾਨ ਹੋ ਜਾਂਦੇ ਸਨ।
ਪਾਪਾ ਮੇਰਾ ਵਿਆਹ ਜਲਦੀ ਕਰਨਾ ਚਾਹੁੰਦੇ ਸਨ : ਕਿਹਾ ਬੇਟੀ ਨੇ
ਭਈਯੂ ਜੀ ਮਹਾਰਾਜ ਦੀ ਬੇਟੀ ਕੁਹੂ ਨੇ ਪ੍ਰਗਟਾਵਾ ਕੀਤਾ ਹੈ ਕਿ ਪਾਪਾ ਮੇਰਾ ਵਿਆਹ ਜਲਦੀ ਕਰ ਦੇਣਾ ਚਾਹੁੰਦੇ ਸਨ। ਉਹ ਇਸ ਲਈ ਯੋਗ ਵਰ ਵੀ ਲੱਭ ਰਹੇ ਸਨ। ਬੇਟੀ ਨੇ ਕਿਹਾ ਕਿ ਮੈਂ ਖੁਦ ਹੀ ਇਹ ਕਹਿ ਕੇ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ ਕਿ ਅਜੇ ਮੈਂ ਛੋਟੀ ਹਾਂ ਅਤੇ ਹੋਰ ਪੜ੍ਹਨਾ ਚਾਹੁੰਦੀ ਹਾਂ।