''ਪਵਿੱਤਰ ਕਾਲੀ ਵੇਈਂ'' ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਤ ਸੀਚੇਵਾਲ ਦਾ ਸਨਮਾਨ
Saturday, Nov 10, 2018 - 06:13 PM (IST)

ਸੁਲਤਾਨਪੁਰ ਲੋਧੀ/ਨਵੀਂ ਦਿੱਲੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਰਹਿਬਰ-ਏ-ਆਲਮ, ਗੁਰੂ ਨਾਨਕ-ਜੀਵਨ ਤੇ ਵਿਰਾਸਤ' ਸਮਾਗਮ ਦਿੱਲੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਤਿੱਬਤੀ ਧਾਰਮਿਕ ਗੁਰੂ ਦਲਾਈਲਾਮਾ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ। ਸੰਤ ਸੀਚੇਵਾਲ ਨੂੰ ਇਹ ਸਨਮਾਨ ਸ੍ਰੀ ਗੁਰੂ ਨਾਨਕ ਦੇਵ ਦੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਨ ਅਤੇ ਪਵਿੱਤਰ ਕਾਲੀ ਵੇਈਂ ਨਦੀ ਨੂੰ ਪ੍ਰਦੂਸ਼ਣ ਮੁਕਤ ਕਰਨ 'ਤੇ ਦਿੱਤਾ ਗਿਆ ਕਿ ਕਿਵੇਂ ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ ਹਨ। ਇਹ ਸਮਾਗਮ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ 'ਭਾਈ ਵੀਰ ਸਿੰਘ ਸਾਹਿਤ ਸਦਨ' ਵਲੋਂ ਕਰਵਾਇਆ ਗਿਆ ਸੀ।
ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਲਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਦਲਾਈਲਾਮਾ ਨੇ ਸੰਤ ਸੀਚੇਵਾਲ ਵਲੋਂ ਸੁਲਤਾਨਪੁਰ ਲੋਧੀ ਤੋਂ ਲਿਆਂਦੀ ਬੇਰੀ ਦਾ ਬੂਟਾ ਲਾਇਆ ਅਤੇ ਉਸ ਨੂੰ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦਾ ਜਲ ਪਾਇਆ ਗਿਆ। ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੇ ਗਏ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਡਾ. ਮਨਮੋਹਨ ਸਿੰਘ ਨੇ ਭਾਸ਼ਣ ਵਿਚ ਪਵਿੱਤਰ ਕਾਲੀ ਵੇਈਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ।
ਓਧਰ ਦਲਾਈਲਾਮਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਭਾਰਤ ਨੇ 5000 ਸਾਲ ਪਹਿਲਾਂ ਵਿਸ਼ਵ ਦੀ ਅਗਵਾਈ ਕੀਤੀ ਸੀ ਅਤੇ ਵਿਕਸਿਤ ਦੇਸ਼ਾਂ ਵਿਚ ਮੋਹਰੀ ਸੀ। ਇਸ ਮੌਕੇ ਪਿੰਗਲਵਾੜਾ ਤੋਂ ਬੀਬੀ ਇੰਦਰਜੀਤ ਕੌਰ, ਪੇਂਟਰ ਸਿਧਾਰਥ, ਸਵਰਨਜੀਤ ਸਵੀ, ਸਵਾਮੀ ਗੁਰਦੀਪ ਗਿਰੀ ਸਮੇਤ ਕਈ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਈ ਮਨਜੀਤ ਸਿੰਘ, ਮਨਜੀਤ ਸਿੰਘ ਜੀ. ਕੇ, ਤਰਲੋਚਨ ਸਿੰਘ, ਮਹਿੰਦਰ ਸਿੰਘ ਅਤੇ ਬਲਬੀਰ ਮਾਧੋਪੁਰੀ ਆਦਿ ਹਾਜ਼ਰ ਸਨ।