ਸ਼ਿਵ ਸੈਨਾ ਦਾ ਰਾਹੁਲ ''ਤੇ ਤੰਜ਼- ਕਸ਼ਮੀਰ ਘੁੰਮਣ ਜਾਣਾ ਹੈ ਤਾਂ ਅਸੀਂ ਕਰਾਂਗੇ ਇੰਤਜ਼ਾਮ

08/25/2019 5:54:36 PM

ਮੁੰਬਈ— ਰਾਹੁਲ ਗਾਂਧੀ ਨੂੰ ਸ਼੍ਰੀਨਗਰ ਹਵਾਈ ਅੱਡੇ ਤੋਂ ਵਾਪਸ ਭੇਜੇ ਜਾਣ ਦੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਕਦਮ ਦਾ ਸ਼ਿਵ ਸੈਨਾ ਨੇ ਖੁੱਲ੍ਹ ਕੇ ਬਚਾਅ ਕੀਤਾ ਹੈ। ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਉਤ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਜੇਕਰ ਰਾਹੁਲ ਗਾਂਧੀ ਜੰਮੂ-ਕਸ਼ਮੀਰ ਵਿਚ ਮੌਜ ਮਸਤੀ ਕਰਨ ਜਾਣਾ ਚਾਹੁੰਦੇ ਹਨ ਤਾਂ ਅਸੀਂ ਸੈਰ-ਸਪਾਟਾ ਵਿਭਾਗ ਤੋਂ ਉਨ੍ਹਾਂ ਲਈ ਵਿਵਸਥਾ ਕਰਨ ਦੀ ਅਪੀਲ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼੍ਰੀਨਗਰ ਹਵਾਈ ਅੱਡੇ ਤੋਂ ਇਸ ਲਈ ਵਾਪਸ ਭੇਜਿਆ ਗਿਆ, ਕਿਉਂਕਿ ਉੱਥੇ ਹਾਲਾਤ ਖਰਾਬ ਹੋ ਸਕਦੇ ਸਨ। 
ਦੱਸਣਯੋਗ ਹੈ ਕਿ ਸ਼ਨੀਵਾਰ ਯਾਨੀ ਕਿ ਕੱਲ ਰਾਹੁਲ ਗਾਂਧੀ ਦੀ ਅਗਵਾਈ ਵਿਚ ਵਿਰੋਧੀ ਦਲਾਂ ਦੇ ਨੇਤਾਵਾਂ ਦਾ ਵਫਦ ਜੰਮੂ-ਕਸ਼ਮੀਰ ਗਿਆ ਸੀ ਪਰ ਉਨ੍ਹਾਂ ਨੂੰ ਸ਼੍ਰੀਨਗਰ ਹਵਾਈ ਅੱਡੇ ਤੋਂ ਵਾਪਸ ਦਿੱਲੀ ਭੇਜ ਦਿੱਤਾ ਗਿਆ ਸੀ। ਇਸ ਵਫਦ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਵਿਰੋਧੀ ਧਿਰ ਦੇ 11 ਨੇਤਾ ਸ਼ਾਮਲ ਸਨ। ਇਹ ਨੇਤਾ ਧਾਰਾ-370 ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਦੇ ਜ਼ਮੀਨੀ ਹਾਲਾਤ ਦੀ ਹਕੀਕਤ ਜਾਣਨ ਲਈ ਗਏ ਸਨ। 
ਓਧਰ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਮੋਦੀ ਸਰਕਾਰ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਰਾਉਤ ਨੇ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਧਾਰਾ-370 ਨੂੰ ਹਟਾਏ ਜਾਣ ਨਾਲ ਸੁਪਨੇ ਪੂਰੇ ਹੋਣਗੇ ਪਰ ਮੈਂ ਇੰਨਾ ਨਿਸ਼ਚਿਤ ਰੂਪ ਨਾਲ ਕਹਿ ਸਕਦਾ ਹਾਂ ਕਿ ਪੂਰਾ ਦੇਸ਼ ਚਾਹੁੰਦਾ ਸੀ ਕਿ ਇਸ ਧਾਰਾ ਨੂੰ ਹਟਾਇਆ ਜਾਵੇ। ਮੈਂ ਇਸ ਧਾਰਾ ਨੂੰ ਹਟਾਉਣ ਦਾ ਫੈਸਲਾ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ।


Sunny Mehra

Content Editor

Related News